ਗੁਰਨਾਮ ਸਿੱਧੂ
ਫਿਰੋਜ਼ਪੁਰ 12 ਸਤੰਬਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਹੜ੍ਹ ਪੀੜਤਾਂ 'ਤੇ ਐੱਸਡੀਐੱਮ ਜ਼ੀਰਾ ਵੱਲੋਂ ਕਰਵਾਏ ਗਏ ਪਰਚੇ ਰੱਦ ਕਰਵਾਉਣ, ਐੱਸਡੀਐੱਮ ਵੱਲੋਂ ਕਥਿਤ ਤੌਰ 'ਤੇ ਕੀਤੀ ਬਦਸਲੂਕੀ 'ਤੇ ਕਾਰਵਾਈ ਕਰਵਾਉਣ ਲਈ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਪਿੰਡਾਂ ਵਿਚ ਰੋਸ ਮਾਰਚ ਕਰਦੇ ਹੋਏ ਪੰਜਾਬ ਸਰਕਾਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਥਾਣਾ ਮੱਖੂ ਦੇ ਅੰਦਰ ਦੇਰ ਰਾਤ ਤੱਕ ਧਰਨਾ ਦਿੱਤਾ ਗਿਆ, ਜੋ ਰਾਤ ਦੇ 10 ਵਜੇ ਤੱਕ ਥਾਣੇ ਅੰਦਰ ਚੱਲਦਾ ਰਿਹਾ। ਡੀਐੱਸਪੀ ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ ਨੇ ਕਿਸਾਨ ਆਗੂਆਂ ਨਾਲ ਮੌਕੇ ਤੇ ਪਹੁੰਚ ਕੇ ਲੰਮੀ ਗੱਲਬਾਤ ਕੀਤੀ ਤੇ ਧੁੱਸੀ ਬੰਨ੍ਹ 'ਤੇ 5 ਸਤੰਬਰ ਨੂੰ ਐੱਸਡੀਐੱਮ ਤੇ ਹੜ੍ਹ ਪੀੜਤਾਂ ਵਿਚ ਹੋਏ ਵਿਵਾਦ ਸਬੰਧੀ ਐੱਸਪੀ, ਡੀਐੱਸਪੀ ਤੇ ਇਕ ਇੰਸਪੈਕਟਰ ਪੱਧਰ ਦੇ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ ਹੈੱਡਕੁਆਰਟਰ ਪੁਲਿਸ ਦੇ ਅਧਿਕਾਰੀਆਂ ਦੀ ਸਿੱਟ ਨਿਰਪੱਖ ਜਾਂਚ ਮੌਕੇ 'ਤੇ ਜਾ ਕੇ ਕਰੇਗੀ ਤੇ ਹੜ੍ਹ ਪੀੜਤਾਂ ਨੂੰ ਇਨਸਾਫ ਦੁਆਇਆ ਜਾਵੇਗਾ। ਜੇਕਰ ਐੱਸਡੀਐੱਮ ਦੋਸ਼ੀ ਪਾਇਆ ਗਿਆ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਓਹਨਾ ਿਕਹਾ ਕਿ ਜਿਸ ਵੀ ਹੜ੍ਹ ਪੀੜਤ ਕਿਸਾਨ ਜਿਸ 'ਤੇ ਥਾਣਾ ਮੱਖੂ ਵਿੱਚ 117 ਅਧੀਨ ਪਰਚਾ ਦਰਜ ਹੋਇਆ ਹੈ ਦੇ ਘਰ ਪੁਲਿਸ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਨਹੀਂ ਕਰੇਗੀ। ਕਿਸਾਨ ਆਗੂਆਂ ਦੀ ਇਸ ਮਸਲੇ 'ਤੇ 13 ਸਤੰਬਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਵਿਵੇਕਸ਼ੀਲ ਸੋਨੀ ਨਾਲ ਮੀਟਿੰਗ ਕਰਵਾਈ ਜਾਵੇਗੀ। ਡੀਐੱਸਪੀ ਜ਼ੀਰਾ ਨੇ ਹਰੀ ਕੇ ਗੱਟੀ ਦੇ ਕਿਸਾਨ ਸਤਨਾਮ ਸਿੰਘ ਦੀ ਜ਼ਮੀਨ 'ਤੇ ਬਾਬਾ ਗੁਰਨਾਮ ਸਿੰਘ ਡਰੋਲੀ ਦੇ ਚੇਲਿਆਂ ਵੱਲੋਂ ਹਥਿਆਰਾਂ ਨਾਲ ਲੈੱਸ ਹੋ ਕੇ 4 ਕਨਾਲ 'ਤੇ ਕੀਤੇ ਕਬਜ਼ੇ ਦੇ ਕੇਸ ਦਾ ਹੱਲ ਕੱਢਣ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।
ਇਸ ਭਰੋਸੇ 'ਤੇ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਜੇਕਰ ਉਕਤ ਦਿੱਤੇ ਭਰੋਸੇ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਨ ਵਿਚ ਢਿੱਲ ਮੱਠ ਵਿਖਾਈ ਤਾਂ ਮੀਟਿੰਗ ਕਰਕੇ ਜ਼ਿਲ੍ਹਾ ਪੱਧਰੀ ਪੱਕੇ ਮੋਰਚੇ ਦਾ ਐਲਾਣ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਤੇ ਪੁਲਿਸ ਦਫਤਰਾਂ ਵਿਚ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ, ਲੁੱਟ ਖਸੁੱਟ ਤੇ ਲੋਕਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਬੰਦ ਕੀਤੀ ਜਾਵੇ, ਐੱਸਡੀਐੱਮ ਜ਼ੀਰਾ ਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਆਮਦਨ ਤੋਂ ਵੱਧ ਬਣਾਈਆਂ ਨਾਜਾਇਜ਼ ਜਾਇਦਾਦਾਂ ਦੀ ਹਾਈਕੋਰਟ ਦੇ ਸਿਟਿੰਗ ਜੱਗ ਪਾਸੋਂ ਨਿਰਪੱਖ ਜਾਂਚ ਕਰਵਾ ਕੇ ਨਾਜਾਇਜ਼ ਜਾਇਦਾਦਾਂ ਜਬਤ ਕੀਤੀਆਂ ਜਾਣ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੁਖਵੰਤ ਸਿੰਘ ਲੋਹੁਕਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਗੁਰਭੇਜ ਸਿੰਘ ਫੇਮੀਵਾਲਾ, ਬਲਕਾਰ ਸਿੰਘ, ਲਖਵਿੰਦਰ ਸਿੰਘ ਜੋਗੇਵਾਲਾ, ਸੁਰਿੰਦਰ ਸਿੰਘ, ਅੰਗਰੇਜ਼ ਸਿੰਘ ਬੂਟੇਵਾਲਾ, ਰਣਜੀਤ ਸਿੰਘ ਖੱਚਰਵਾਲਾ, ਹਰਫੂਲ ਸਿੰਘ, ਗੁਰਮੇਲ ਸਿੰਘ ਆਦਿ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।