ਲੋਕੇਸ਼ ਰਿਸ਼ੀ
ਗੁਰਦਾਸਪੁਰ, 12 ਸਤੰਬਰ 2019: ਬਟਾਲਾ ਦੀ ਪਟਾਕਾ ਫ਼ੈਕਟਰੀ 'ਚ ਵਾਪਰੇ ਹਾਦਸੇ ਦੌਰਾਨ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉੱਜਵਲ ਦਰਮਿਆਨ ਹੋਈ ਬਹਿਸ ਮਾਮਲੇ ਵਿੱਚ ਪੁਲਿਸ ਵੱਲੋਂ ਬੈਂਸ ਖ਼ਿਲਾਫ਼ ਵੱਖ ਵੱਖ ਗੈਰ ਜ਼ਮਾਨਤੀ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਬੈਂਸ ਵੱਲੋਂ ਗੁਰਦਾਸਪੁਰ ਦੀ ਸੈਸ਼ਨ ਅਦਾਲਤ ਵਿਖੇ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ। ਜਿਹਦੀ ਸੁਣਵਾਈ ਦੌਰਾਨ ਵੀਰਵਾਰ ਨੂੰ ਮਾਨਯੋਗ ਅਦਾਲਤ ਵੱਲੋਂ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਦਿਆਂ ਮਾਮਲੇ ਸਬੰਧੀ ਅਗਲੀ ਸੁਣਵਾਈ ਦੀ ਤਰੀਕ 16 ਸਤੰਬਰ ਮੁਕੱਰਰ ਕੀਤੀ ਗਈ ਹੈ ਅਤੇ ਹੁਣ 16 ਸਤੰਬਰ ਨੂੰ ਇਸ ਬੇਲ ਅਰਜ਼ੀ ਤੇ ਸੁਣਵਾਈ ਹੋਵੇਗੀ।
ਵਧੇਰੇ ਜਾਣਕਾਰੀ ਦਿੰਦਿਆਂ ਬੈਂਸ ਪੱਖ ਦੇ ਵਕੀਲ ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ਤੇ ਦਰਜ ਹੋਏ ਮਾਮਲੇ ਸਬੰਧੀ ਗੁਰਦਾਸਪੁਰ ਸੈਸ਼ਨ ਅਦਾਲਤ ਵਿੱਚ ਬੇਲ ਦੀ ਅਰਜ਼ੀ ਲਗਾਈ ਸੀ। ਜਿਹਦੀ ਮਾਣਯੋਗ ਅਦਾਲਤ ਨੇ ਸੁਣਵਾਈ ਦੀ ਤਰੀਕ ਵਧਾ ਕੇ 16 ਸਤੰਬਰ ਕਰ ਦਿੱਤੀ ਹੈ ਐਡਵੋਕੇਟ ਹਰਮੀਤ ਸਿੰਘ ਮੁਤਾਬਿਕ ਉਨ੍ਹਾਂ ਜੱਜ ਸਾਹਿਬ ਦੇ ਸਾਹਮਣੇ ਦਲੀਲਾਂ ਨਾਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵਿਵਾਦ ਮਾਮਲੇ ਵਿੱਚ ਬੈਂਸ ਵੱਲੋਂ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ ਅਤੇ ਇਹ ਪੂਰਾ ਮਾਮਲਾ ਸਿਆਸੀ ਰੰਜਸ਼ ਦਾ ਹੈ। ਐਡਵੋਕੇਟ ਹਰਮੀਤ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਹੀ ਸਰਕਾਰੀ ਵਕੀਲ ਵੱਲੋਂ ਮਾਨਯੋਗ ਅਦਾਲਤ ਦੇ ਸਨਮੁੱਖ ਆਪਣਾ ਪੱਖ ਰੱਖਦਿਆਂ ਬੈਂਸ ਧਿਰ ਵੱਲੋਂ ਵਿਵਾਦ ਮਾਮਲੇ ਦੀ ਵੀਡੀਓ ਐਡਿਟ ਕਰਨ ਮਗਰੋਂ ਵਾਇਰਲ ਕੀਤੇ ਜਾਣ ਦੀ ਗੱਲ ਕਹੀ ਗਈ ਹੈ ਅਤੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਸਿਮਰਜੀਤ ਸਿੰਘ ਬੈਂਸ ਨਾਲ ਜੋ ਉਹਦੇ 20 ਤੋਂ ਵੱਧ ਸਮਰਥਕ ਸਨ ਉਹ ਕਿਹੜੇ ਜ਼ਿਲ੍ਹੇ ਜਾਂ ਸ਼ਹਿਰ ਨਾਲ ਸਬੰਧਿਤ ਹਨ। ਇਹ ਸਭ ਜਾਣਨ ਦੀ ਲੋੜ ਹੈ ਇਸ ਸਿਮਰਜੀਤ ਸਿੰਘ ਬੈਂਸ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਸੋ ਮਾਨਯੋਗ ਜੱਜ ਸਾਹਿਬ ਨੇ ਸਰਕਾਰੀ ਵਕੀਲ ਦਾ ਪੱਖ ਸੁਣਨ ਮਗਰੋਂ ਅਗਲੀ ਸੁਣਵਾਈ 16 ਸਤੰਬਰ ਨੂੰ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ।