ਗੈਰ-ਕਾਨੂੰਨੀ ਪਰਵਾਸ ਵਿਦੇਸ਼ ਜਾਣ ਦੇ ਚਾਹਵਾਨ ਤੇ ਪਰਿਵਾਰ ਲਈ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ
ਨਵਾਂ ਸ਼ਹਿਰ, 12 ਸਤੰਬਰ, 2019: ਸਹਾਇਕ ਕਮਿਸ਼ਨਰ (ਜਨਰਲ) ਸ਼ਿਵ ਕੁਮਾਰ ਨੇ ਜ਼ਿਲ੍ਹੇ ਦੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਕਾਨੂੰਨੀ ਪ੍ਰਵਾਸ ਤਰੀਕਿਆਂ ਨਾਲ ਹੀ ਬਾਹਰ ਜਾਣ ਦੀ ਸਲਾਹ ਦਿੰਦਿਆਂ, ਗੈਰ-ਕਾਨੂੰਨੀ ਢੰਗ ਅਪਣਾਏ ਜਾਣ ਤੋਂ ਖ਼ਬਰਦਾਰ ਕੀਤਾ ਹੈ।
ਅੱਜ ਇੱਥੇ ਪੰਜਾਬ ਪੁਲਿਸ ਦੇ ਪ੍ਰਵਾਸੀ ਭਾਰਤੀ ਵਿੰਗ (ਐਨ ਆਰ ਆਈ) ਦੇ ਵਧੀਕ ਮਹਾ-ਨਿਰਦੇਸ਼ਕ ਵੱਲੋਂ ਭੇਜੇ ਪੱਤਰ ਦੇ ਆਧਾਰ ’ਤੇ ਜਾਰੀ ਇੱਕ ਪ੍ਰੈੱਸ ਬਿਆਨ ’ਚ ਸਹਾਇਕ ਕਮਿਸ਼ਨਰ ਸ਼ਿਵ ਕੁਮਾਰ ਨੇ ਦੱਸਿਆ ਕਿ ਬੀਤੇ ਸਾਲਾਂ ’ਚ ਮੈਕਸੀਕੋ ਬਾਰਡਰ ਰਾਹੀਂ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਦਾਖਲ ਹੋਣ ਦੇ ਚਾਹਵਾਨਾਂ ’ਚ ਭਾਰਤੀਆਂ ਦੀ ਗਿਣਤੀ ’ਚ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ। ਇਨ੍ਹਾਂ ਭਾਰਤੀਆਂ ’ਚ ਵੀ ਜ਼ਿਆਦਾਤਰ ਗਿਣਤੀ ਪੰਜਾਬੀਆਂ ਤੇ ਹਰਿਆਣਵੀਆਂ ਦੀ ਦੱਸੀ ਗਈ ਹੈ।
ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਪਰਵਾਸ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਰਜਿਸਟ੍ਰਡ ਟ੍ਰੈਵਲ ਏਜੰਟਾਂ ਅਤੇ ਵੀਜ਼ਾ ਸਲਾਹਕਾਰਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸ ਨਾਲ ਜਿੱਥੇ ਸਬੰਧਤ ਵਿਅਕਤੀ ਨੂੰ ਅੱਗੇ ਜਾ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਉਸ ਦੇ ਪਿੱਛੇ ਰਹਿੰਦੇ ਪਰਿਵਾਰ ਨੂੰ ਵੀ ਬੜੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਇਸ ਸਬੰਧੀ ਜਾਰੀ ਐਡਵਾਇਜ਼ਰੀ ਮੁਤਾਬਕ 2015 ਤੋਂ 2018 ਤੱਕ ਮੈਕਸੀਕੋ ਰਸਤੇ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਪ੍ਰਵਾਸ ਕਰਨ ਵਾਲਿਆਂ ਦੀ ਗਿਣਤੀ ’ਚ ਅੱਠ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇਹ ਅੰਕੜਾ ਮੈਕਸੀਕੋ ਸ਼ਹਿਰ ’ਚ ਸਥਿਤ ਭਾਰਤੀ ਸਫ਼ਾਰਤਖਾਨੇ ਵੱਲੋਂ ਉਪਲਬਧ ਕਰਵਾਉਂਦਿਆਂ ਇਸ ਗੈਰ-ਕਾਨੂੰਨੀ ਪ੍ਰਵਾਸ ’ਤੇ ਚਿੰਤਾ ਜ਼ਾਹਿਰ ਕਰਦਿਆਂ, ਵਿਦੇਸ਼ ਖ਼ਾਸਕਰ ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਕਾਨੂੰਨਨ ਤਰੀਕਿਆਂ ਨਾਲ ਜਾਣ ਲਈ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ ਹੈ।