ਲੁਧਿਆਣਾ, 12 ਸਤੰਬਰ 2019 - ਤਿੰਨ ਦਿਨਾਂ ਲਈ ਮੋਹਾਲੀ, ਲੁਧਿਆਣਾ ਅਤੇ ਦਿੱਲੀ ਵਿੱਚ ਆਯੋਜਿਤ ਹੋਈ ਨੋਬਲ ਇਨਾਮ ਲੜੀ ਅਧੀਨ ਅੱਜ ਪੰਜਾਬ ਖੇਤੀ ਯੂਨੀਵਰਸਿਟੀ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ 2012 ਦੇ ਭੌਤਿਕ ਵਿਗਿਆਨ 'ਚ ਨੋਬਲ ਪੁਰਸਕਾਰ ਵਿਜੇਤਾ ਡਾ: ਸਰਜ ਹਰੋਚੇ ਨੇ ਸੰਬੋਧਨ ਕੀਤਾ। ਭਾਰਤ 2019 ਦਾ ਮੁੱਖ ਉਦੇਸ਼ ਅਧਿਆਪਨ ਅਤੇ ਸਿੱਖਣ ਨਾਲ ਸੰਬੰਧਿਤ ਸੀੱ।
ਸਰਜ ਹੇਰੋਚੇ ਤੋਂ ਇਲਾਵਾ ਕਲੀਨੀਕਲ ਇੰਟਗ੍ਰੇਟਿਵ ਫਿਜ਼ਿਆਲੋਜੀ ਦੇ ਪ੍ਰੋਫੈਸਰ ਅਤੇ ਸਵੀਡਨ ਦੇ ਕੈਰੋਲਿੰਸਕਾ ਵਿੱਚ ਸਥਾਪਿਤ ਨੋਬਲ ਕਮੇਟੀ ਦੇ ਮੈਂਬਰ ਡਾ: ਜੂਲੀਨ ਜ਼ੀਰਥ ਵੀ ਉਨ੍ਹਾਂ ਦੇ ਨਾਲ ਆਏ । ਇਹਨਾਂ ਦੋਵਾਂ ਨੇ ਆਪਣੇ ਭਾਸ਼ਣ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਖੋਜੀਆਂ ਨਾਲ ਗੋਲ-ਮੇਜ਼ ਵਿਚਾਰ-ਵਟਾਂਦਰਾ ਕੀਤਾ ।
ਡਾ: ਸਰਜ ਹੇਰੋਚੇ ਨੇ ਬੇਸਿਕ ਅਤੇ ਅਪਲਾਈਡ ਸਾਇੰਸਜ਼ ਦੀ ਆਪਸੀ ਸਾਂਝ ਸੰਬੰਧੀ ਭਾਸ਼ਣ ਦਿੱਤਾ ਅਤੇ ਡਾ: ਜੂਲੀਨ ਜ਼ੀਰਥ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਨੋਬਲ ਇਨਾਮ ਦੇ ਜੇਤੂਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ।
ਨੋਬਲ ਮੀਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੌਰਾ ਸਪਰੈਚਮੈਨ ਨੇ ਕਿਹਾ ਨੋਬਲ ਇਨਾਮ ਲੜੀ ਲੋਕਾਂ ਨੂੰ ਗਿਆਨ ਵੱਲ ਪ੍ਰੇਰਿਤ ਕਰੇਗੀ ਅਤੇ ਸਵਾਲ ਪੁੱਛ ਕੇ ਦੁਨੀਆਂ ਨੂੰ ਬਿਹਤਰ ਬਨਾਉਣ ਵਿੱਚ ਯੋਗਦਾਨ ਪਾਵੇਗੀ । ਦੁਨੀਆਂ ਭਰ ਦੇ ਲੋਕਾਂ ਸਾਹਮਣੇ ਨੋਬਲ ਇਨਾਮ ਜੇਤੂਆਂ ਦੀਆਂ ਪ੍ਰਾਪਤੀਆਂ ਅਤੇ ਕਹਾਣੀਆਂ ਸਾਂਝੀਆਂ ਕਰਕੇ ਅਲਫਰਡ ਨੋਬਲ ਦੇ ਨਜ਼ਰੀਏ ਅਨੁਸਾਰ ਵਿਗਿਆਨ, ਸਾਹਿਤ ਅਤੇ ਸ਼ਾਂਤੀ ਦੇ ਖੇਤਰ ਵਿੱਚ ਵਧਾਵਾ ਦੇਣ ਲਈ ਇਹ ਪ੍ਰੋਗਰਾਮ ਲਾਭਕਾਰੀ ਸਿੱਧ ਹੋਣਗੇ ।
ਬਾਇਓਤਕਨਾਲੋਜੀ ਵਿਭਾਗ ਦੇ ਸਕੱਤਰ ਡਾ. ਰੇਨੂੰ ਸਵਰੂਪ ਨੇ ਕਿਹਾ ਕਿ ਪੀ.ਏ.ਯੂ. ਐਸੀ ਸੰਸਥਾ ਹੈ ਜਿਸਨੇ ਭਾਰਤ ਵਿੱਚ ਖੇਤੀ ਅਤੇ ਭੋਜਨ ਸੁਰੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕੰਮ ਕੀਤਾ ਹੈ । ਨੋਬਲ ਇਨਾਮ ਲੜੀ ਵਿੱਚ ਹਿੱਸਾ ਲੈ ਰਹੇ ਸਕਾਲਰ, ਅਧਿਆਪਕ ਅਤੇ ਵਿਗਿਆਨੀ ਭਾਰਤ ਵਿੱਚ ਖੇਤੀ, ਪਾਣੀ ਅਤੇ ਵਾਤਾਵਰਨ ਸੰਬੰਧੀ ਹੋ ਰਹੀ ਖੋਜ ਦੇ ਮੋਹਰੀ ਹਨ ।ਉਹਨਾਂ ਕਿਹਾ ਕਿ ਇਹ ਬਹੁ-ਅਨੁਸਾਸ਼ਨੀ ਸੰਵਾਦ ਇਹਨਾਂ ਦੇ ਗਿਆਨ ਵਿੱਚ ਹੋਰ ਵਾਧਾ ਕਰੇਗਾ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਸਵਾਗਤੀ ਸ਼ਬਦਾਂ ਚ ਕਿਹਾ ਕਿ ਨਾਬੀ ਮੋਹਾਲੀ ਅਤੇ ਪੀ.ਏ.ਯੂ. ਲੁਧਿਆਣਾ ਵਿੱਚ ਹੋਣ ਵਾਲੇ ਨੋਬਲ ਇਨਾਮ ਲੜੀ 2019 ਦੇ ਸਮਾਰੋਹ ਇਸ ਖੇਤਰ ਦੇ ਵਿਦਿਆਰਥੀਆਂ, ਵਿਗਿਆਨੀਆਂ ਅਤੇ ਮਾਹਿਰਾਂ ਨੂੰ ਨੋਬਲ ਇਨਾਮ ਜੇਤੂਆਂ ਨੂੰ ਸੁਣਨ ਅਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਵਿਲੱਖਣ ਮੌਕਾ ਹਨ । ਅਜਿਹੇ ਸਮਾਰੋਹਾਂ ਤੋਂ ਪੈਦਾ ਹੋਣ ਵਾਲਾ ਉਤਸ਼ਾਹ ਤੇ ਪ੍ਰੇਰਨਾ ਸਾਡੇ ਨੌਜਵਾਨਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਹੋਰ ਬਿਹਤਰ ਕੰਮ ਕਰਨ ਲਈ ਹੌਸਲਾ ਦੇਵੇਗਾ । ਉਹਨਾਂ ਕਿਹਾ ਕਿ ਅਸੀਂ ਬਾਇਓਤਕਨਾਲੋਜੀ ਵਿਭਾਗ, ਭਾਰਤ ਅਤੇ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਵਿਸ਼ੇਸ਼ ਸਮਾਗਮ ਲਈ ਸਾਡਾ ਸਹਿਯੋਗ ਕੀਤਾ ਹੈ ।
ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀ ਡਾ: ਸਰਜ ਹਰੋਚੇ ਤੇ ਨੋਬਲ ਪੁਰਸਕਾਰ ਚੋਣ ਕਮੇਟੀ ਮੈਂਬਰ ਡਾ: ਜੁਲੀਨ ਜ਼ੀਰਥ ਨੇ ਪੰਜਾਬ ਖੇਤੀ ਯੂਨੀਵਰਸਿਟੀ ਚ ਹਜ਼ਾਰਾਂ ਵਿਦਿਆਰਥੀਆਂ , ਖੋਜਕਾਰਾਂ ਤੇ ਗਿਆਨ ਅਭਿਲਾਖੀਆਂ ਨੂੰ ਸੰਬੋਧਨ ਕੀਤਾ।
ਡਾ:,ਬਲਦੇਵ ਸਿੰਘ ਢਿੱਲੋਂ ਨੇ ਸਵਾਗਤ ਕਰਦਿਆਂ ਇਸ ਦਿਨ ਨੂੰ ਭਾਗਾਂ ਭਰਿਆ ਕਿਹਾ।
ਕੇਂਦਰ ਸਰਕਾਰ ਦੇ ਬਾਇਉ ਟੈਕਨਾਲੋਜੀ ਵਿਭਾਗ ਦੀ ਸਕੱਤਰ ਡਾ:.ਰੇਣੂ ਸਵਰੂਪ ਨੇ ਪੰਜਾਬ ਖੇਤੀ ਯੂਨੀਵਰਸਿਟੀ ਨੂੰ ਖੇਤੀ ਵਿਗਿਆਨ ਦਾ ਰੌਸ਼ਨ ਮੀਨਾਰ ਕਿਹਾ।
ਸਵਾਲਾਂ ਚ ਇਹ ਗੱਲ ਭਾਰੂ ਰਹੀ ਕਿ ਖੇਤੀਬਾੜੀ ਲਈ ਡਾ: ਗੁਰਦੇਵ ਸਿੰਘ ਖੁਸ਼ ਵਰਗੇ ਵੱਡੇ ਵਿਗਿਆਨੀ ਲਈ ਨੋਬਲ ਪੁਰਸਕਾਰ ਕਿਉਂ ਨਹੀਂ?
ਨੋਬਲ ਇਨਾਮ ਲੜੀ ਇੱਕ ਬਹੁ-ਅਨੁਸਾਸ਼ਨੀ ਗਤੀਵਿਧੀ ਹੈ ਜਿਸ ਵਿੱਚ ਪ੍ਰਦਰਸ਼ਨੀ, ਸੈਮੀਨਾਰ, ਭਾਸ਼ਣ, ਗੋਲਮੇਜ਼ ਵਿਚਾਰ ਅਤੇ ਹੋਰ ਵਿਚਾਰ ਵਟਾਂਦਰਾ ਹੁੰਦਾ ਹੈ । ਇਸ ਸਾਲ ਇਹ ਲੜੀ 11 ਤੋਂ 13 ਸਤੰਬਰ ਤੱਕ ਨੈਸ਼ਨਲ ਐਗਰੀ ਫੂਡ ਬਾਇਓਤਕਨਾਲੋਜੀ ਇੰਸਟੀਚਿਊਟ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਆਯੋਜਿਤ ਹੋਈ ਹੈ । ਇਸ ਵਰ੍ਹੇ ਇਸ ਸਮਾਗਮ ਦਾ ਉਦੇਸ਼ ਅਧਿਆਪਨ ਅਤੇ ਸਿੱਖਣਾ ਹੈ । ਇਸ ਵਿਚਾਰ ਵਟਾਂਦਰੇ ਦਾ ਮਨੋਰਥ ਸਥਿਰ ਲੋਕਤੰਤਰੀ ਰਾਜਾਂ, ਸੱਭਿਅਕ ਮਨੁੱਖਾਂ ਅਤੇ ਵਿਕਸਿਤ ਸਮਾਜਾਂ ਵਿੱਚ ਸਿੱਖਿਆ ਨੂੰ ਬੁਨਿਆਦੀ ਥੰਮ ਵਾਂਗ ਉਸਾਰਨਾ ਹੈ ਅਤੇ ਇਸ ਨਾਲ ਨਾਗਰਿਕਾਂ ਨੂੰ ਅਧਿਆਪਨ ਅਤੇ ਸਿੱਖਣ ਨਾਲ ਜੋੜ ਕੇ ਆਪਣੀ ਅਤੇ ਆਪਣੇ ਸੰਸਾਰ ਦੀ ਖੋਜ ਵਿੱਚ ਸਰਗਰਮ ਕੀਤਾ ਜਾ ਸਕਦਾ ਹੈ ।
ਨੋਬਲ ਇਨਾਮ ਲੜੀ ਭਾਰਤ 2019 ਪੰਜਾਬ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਬਾਇਓਤਕਨਾਲੋਜੀ ਵਿਭਾਗ ਅਤੇ ਨੋਬਲ ਅੰਤਰਰਾਸ਼ਟਰੀ ਸਹਿਯੋਗੀ 3 ਐਮ, ਏ ਬੀ ਬੀ, ਏਰਿਕਸਨ, ਸੇਨੀਆ ਅਤੇ ਵੌਲਵੋ ਕਾਰਾਂ ਦੇ ਸਹਿਯੋਗ ਨਾਲ ਨੋਬਲ ਮੀਡੀਆ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਭਾਰਤ ਵਿੱਚ ਸਹਿਯੋਗੀ ਸੰਸਥਾਵਾਂ ਵਿੱਚ ਨੈਸ਼ਨਲ ਐਗਰੀ ਫੂਡ ਬਾਇਓਤਕਨਾਲੋਜੀ ਮੇਹਾਲੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਨ।
ਇਸ ਭਾਸ਼ਨ ਨੂੰ ਸੁਣਨ ਲਈ ਪੀ ਏ ਯੂ ਦੇ ਸਾਬਕਾ ਵੀ ਸੀ ਡਾ: ਮਨਜੀਤ ਸਿੰਘ ਕੰਗ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡੀਨ ਐਗਰੀਕਲਚਰ ਡਾ: ਰਮੇਸ਼ ਸਦਾਵਰਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ, ਅਕੈਡਮਿਕ ਡਾ: ਕੁਲਦੀਪ ਸਿੰਘ ਧੀਰ,ਡਾ: ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਦੇ ਸਕੱਤਰ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਡਾ: ਦਰਸ਼ਨ ਸਿੰਘ ਬਰਾੜ ਤੇਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਵੱਖ ਵੱਖ ਯੂਨੀਵਰਸਿਟੀਆਂ , ਕਾਲਜਾਂ ਤੇ ਚੋਣਵੇਂ ਸਕੂਲਾਂ ਦੇ ਵਿਗਿਆਨ ਵਿਦਿਆਰਥੀ ਸ਼ਾਮਿਲ ਹੋਏ।