← ਪਿਛੇ ਪਰਤੋ
ਟਾਂਡਾ ਉੜਮੁੜ, 14 ਸਤੰਬਰ 2019 - ਵੀਰਵਾਰ ਨੂੰ ਇਟਲੀ ਦੇ ਪਾਵੀਆ ਚ ਪੰਜਾਬੀ ਮੂਲ ਦੇ ਚਾਰ ਲੋਕਾਂ ਦੀ ਡੇਅਰੀ ਫਾਰਮ ਤੇ ਕੰਮ ਕਰਦੇ ਸਮੇਂ ਗੋਬਰ ਟੈਂਕ 'ਚ ਡਿੱਗਣ ਕਾਰਨ ਮੌਤ ਹੋ ਗਈ, ਜਿੰਨ੍ਹਾਂ ਚੋਂ ਇੱਕ ਨੌਜਵਾਨ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਖੁਰਦ ਦਾ ਸੀ। ਮ੍ਰਿਤਕ ਦੀ ਪਛਾਣ ਹਰਮਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੁਰਾਲਾ ਖੁਰਦ ਥਾਣਾ ਟਾਂਡਾ ਉਮਰ 29 ਸਾਲ ਵਜੋਂ ਹੋਈ। ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਦੋ ਸਾਲ ਪਹਿਲਾਂ ਕੰਮਕਾਜ ਲਈ ਵਿਦੇਸ਼ ਇਟਲੀ ਗਿਆ ਸੀ ਤੇ ਉਤਰੀ ਇਟਲੀ ਦੇ ਪਾਵੀਆ ਨੇੜੇ ਬਣੇ ਇੱਕ ਡੇਅਰੀ ਫਾਰਮ ਤੇ ਕੰਮ ਕਰਦਾ ਸੀ। ਵੀਰਵਾਰ ਨੂੰ ਕੰਮ ਕਰਦੇ ਸਮੇਂ ਉਹ ਆਪਣੇ 3 ਸਾਥੀਆਂ ਨਾਲ ਗੋਬਰ ਦੇ ਟੈਂਕ ਵਿੱਚ ਡਿੱਗ ਗਿਆ ਤੇ ਗੋਬਰ ਵਿੱਚ ਡਿੱਗਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਗੈਸ ਦੇ ਜਿਆਦਾ ਪ੍ਰਭਾਵ ਕਾਰਨ ਚਾਰਾਂ ਦੀ ਮੌਤ ਹੋ ਗਈ। ਹਰਮਿੰਦਰ ਦੇ ਪਿੰਡ ਰਹਿੰਦੇ ਪਰਿਵਾਰਕ ਮੈਬਰਾਂ ਨੂੰ ਉਸ ਦੀ ਮੌਤ ਦੀ ਜਾਣਕਾਰੀ ਇਟਲੀ ਰਹਿੰਦੇ ਹਰਮਿੰਦਰ ਦੇ ਤਾਏ ਦੇ ਲੜਕੇ ਪਰਮਜੀਤ ਸਿੰਘ ਨੇ ਫੋਨ ਤੇ ਦਿੱਤੀ। ਹਰਮਿੰਦਰ ਦੀ ਮੌਤ ਦੀ ਖਬਰ ਮਿਲਦਿਆਂ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ। ਹਰਮਿੰਦਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਮੌਕੇ ਰੋਂਦੇ ਵਿਲਕਦੇ ਹਰਮਿੰਦਰ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਇਸੇ ਸਾਲ ਦਸੰਬਰ 'ਚ ਹਰਮਿੰਦਰ ਦੀ ਵੱਡੀ ਭੈਣ ਦੀ ਸ਼ਾਦੀ ਸੀ ਤੇ ਉਹ ਹਰਮਿੰਦਰ ਵਿਦੇਸ਼ ਤੋਂ ਵਾਪਸ ਆ ਰਿਹਾ ਸੀ। ਹਰਮਿੰਦਰ ਹੀ ਪੂਰੇ ਪਰਿਵਾਰ ਲਈ ਕਮਾਈ ਦਾ ਇਕਲੌਤਾ ਜਰੀਆ ਸੀ।
Total Responses : 936