ਮਾਲ ਅਫ਼ਸਰਾਂ ਅਤੇ ਰੋਪੜ ਜ਼ਿਲ੍ਹਾ ਅਫ਼ਸਰਾਂ ਦਾ ਝਗੜਾ ਖ਼ਤਮ - 15 ਤੋਂ ਪੂਰਾ ਕੰਮ ਕਰਨਗੇ ਸਾਰੇ ਅਧਿਕਾਰੀ
ਰੋਪੜ , 14 ਸਤੰਬਰ , 2019 : ਰੋਪੜ ਜ਼ਿਲ੍ਹੇ ਦੇ ਐਸ ਐਸ ਪੀ ਨਾਲ ਮਾਲ ਮਹਿਕਮੇ ਦੇ ਅਫ਼ਸਰਾਂ ਚੱਲ ਰਿਹਾ ਟਕਰਾਅ ਆਪਸੀ ਗੱਲਬਾਤ ਰਾਹੀਂ ਨਿੱਬੜ ਗਿਆ ਹੈ .ਸਿੱਟੇ ਵਜੋਂ ਸਾਰੇ ਮਾਲ ਅਫ਼ਸਰ ਕੱਲ੍ਹ 15 ਸਤੰਬਰ ਤੋਂ ਆਪਣਾ ਪੂਰਾ ਕੰਮ-ਕਾਜ ਸੰਭਾਲਣਗੇ .
ਦੋਹਾਂ ਧਿਰਾਂ ਵਿਚਕਾਰ ਆਪਸੀ ਸੁਲ੍ਹਾ-ਸਫ਼ਾਈ ਰੋਪੜ ਦੇ ਡੀ ਸੀ ਸੁਮੀਤ ਜਾਰੰਗਲ ਦੇ ਦਫ਼ਤਰ ਵਿਚ ਹੋਈ ਇੱਕ ਮੀਟਿੰਗ ਵਿਚ ਨਿੱਬੜੀ . ਇਸ ਵਿਚ ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਐਸ ਐਸ ਪੀ ਸਵਪਨ ਸ਼ਰਮਾ ਤੋਂ ਇਲਾਵਾ 2 ਸਤੰਬਰ ਦੀ ਘਟਨਾ ਨਾਲ ਸਬੰਧਤ ਤਹਿਸੀਲਦਾਰ ਅਮਰਜੀਤ ਚਾਵਲਾ ਵੀ ਮੌਜੂਦ ਸੀ .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਦੋਹਾਂ ਧਿਰਾਂ ਦੇ ਗਿਲੇ ਸ਼ਿਕਵੇ ਦੂਰ ਹੋਏ ਜਿਸ ਵਿਚ ਸਵਪਨ ਸ਼ਰਮਾ ਨੇ ਕਿਹਾ ਕਿ ਚਾਵਲਾ ਨਾਲ ਉਨ੍ਹਾਂ ਦਾ ਕੋਈ ਨਿੱਜੀ ਵਿਰੋਧ ਨਹੀਂ ਹੈ ਸਵਾਲ ਉਸ ਵੇਲੇ ਸਰਕਾਰੀ ਡਿਊਟੀ ਅਮਨ-ਕਾਨੂੰਨ ਦਾ ਸੀ ਜਿਸ ਲਈ ਉਹ ਫ਼ਿਕਰਮੰਦ ਸਨ . ਪਰ ਜੇਕਰ ਉਸ ਸਮੇਂ ਉਨ੍ਹਾਂ ਵੱਲੋਂ ਤਹਿਸੀਲਦਾਰ ਨੂੰ ਗ਼ੁੱਸੇ 'ਚ ਕਹੇ ਬੋਲ ਬੁਰੇ ਲੱਗੇ ਹੋਣ ਤਾਂ ਉਨ੍ਹਾਂ ਨੂੰ ਇਸਦਾ ਅਫ਼ਸੋਸ ਹੈ ਪਰ ਉਨ੍ਹਾਂ ਦਾ ਮਨਸ਼ਾ ਉਸ ਵੇਲੇ ਲਾਅ ਆਰਡਰ ਨੂੰ ਸੰਭਾਲਣਾ ਸੀ
ਇਹ ਵੀ ਗੱਲ ਸਾਹਮਣੇ ਆਈ ਕਿ ਉਸ ਘਟਨਾ ਤੋਂ ਬਾਅਦ ਦੋ ਵਾਰ ਚਾਵਲਾ ਦੀ ਸਵਪਨ ਸ਼ਰਮਾ ਨਾਲ ਮੁਲਾਕਾਤ ਵੀ ਹੋ ਚੁੱਕੀ ਹੈ .
ਦੋਹਾਂ ਧਿਰਾਂ ਵਿਚਕਾਰ ਸੁਲ੍ਹਾ -ਸਫ਼ਾਈ ਦੇ ਨਿਰਨੇ ਦੀ ਪੁਸ਼ਟੀ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਨੇ ਵੀ ਕੀਤੀ ਹੈ .ਐਸੋਸੀਏਸ਼ਨ ਦੇ ਇਕ ਪ੍ਰੈੱਸ ਬਿਆਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਐਸ ਐਸ ਪੀ ਨੇ ਮਾਫੀ ਮੰਗ ਲਈ ਹੈ . ਡੀ ਸੀ ਦਫ਼ਤਰ ' ਚ ਦੋਹਾਂ ਧਿਰਾਂ ਦੀ ਮੀਟਿੰਗ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸੱਦੇ ਤੇ ਹੋਈ ਸੀ .
ਇਸ ਵਿਚ ਕਿਹਾ ਗਿਆ ਕਿ ਮਾਲ ਮਹਿਕਮੇ ਦੇ ਸਾਰੇ ਅਫ਼ਸਰ ਕੱਲ੍ਹ ਤੋਂ
ਆਪਣੀਆਂ ਸਾਰੀਆਂ ਡਿਊਟੀਆਂ ਕਰਨਗੇ . ਇਹ ਵੀ ਕਿਹਾ ਗਿਆ ਕਿ ਡੀ ਸੀ ਨੇ ਇਹ ਭਰੋਸਾ ਦਿੱਤਾ ਹੈ ਕਿ ਇੱਕ ਹਫ਼ਤੇ ਚ ਚਾਵਲਾ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ . ਜੇਕਰ ਅਜਿਹਾ ਨਾ ਹੋਇਆ ਤਾਂ ਫੇਰ 22 ਸਤੰਬਰ ਦੀ ਮੀਟਿੰਗ 'ਚ ਇਹ ਮਾਮਲਾ ਵਿਚਾਰਿਆ ਜਾਵੇਗਾ . ਮੀਟਿੰਗ 'ਚ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ .
ਚੇਤੇ ਰਹੇ ਕਿ ਮਾਲ ਅਫ਼ਸਰਾਂ ਵੱਲੋਂ ਇਹ ਦੋਸ਼ ਲਾਇਆ ਗਿਆ ਸੀ ਕਿ 2 ਸਤੰਬਰ ਨੂੰ ਜਦੋਂ ਤਹਿਸੀਲਦਾਰ ਅਮਰਜੀਤ ਚਾਵਲਾ ਐਗਜ਼ੀਕਿਊਟਿਵ ਮਜਿਸਟਰੇਟ ਦੀ ਡਿਊਟੀ ਤੇ ਹੁੰਦੇ ਹੋਏ ਵੀ 2 ਸਤੰਬਰ ਦੀ ਸ਼ਾਮ ਨੂੰ ਲਾਅ ਐਂਡ ਆਰਡਰ ਦੀ ਇੱਕ ਬਹੁਤ ਹੀ ਸੰਵੇਦਨਸ਼ੀਲ ਘਟਨਾ ਵੇਲੇ ਡਿਊਟੀ ਤੇ ਨਹੀਂ ਪੁੱਜੇ ਤਾਂ ਉਸ ਵੇਲੇ ਐਸ ਐਸ ਪੀ ਵੱਲੋਂ ਪਹਿਲਾਂ ਫ਼ੋਨ ਤੇ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਗਿਆ ਅਤੇ ਫੇਰ ਥਾਣੇ 'ਚ ਬੁਲਾ ਕੇ ਵੀ ਮਾੜੀ ਭਾਸ਼ਾ ਵਰਤੀ ਗਈ ਅਤੇ ਉਸਨੂੰ ਜਬਰੀ ਬਿਠਾ ਕੇ ਰੱਖਿਆ ਗਿਆ . ਇਹ ਵੀ ਯਾਦ ਰਹੇ ਕਿ ਐਸ ਐਸ ਪੀ ਵੱਲੋਂ ਇਸ ਘਟਨਾ ਦੀ ਮਾਲ ਅਫ਼ਸਰਾਂ ਦੇ ਉੱਚ ਅਫ਼ਸਰਾਂ ਨੌਂ ਭੇਜੀ ਰਿਪੋਰਟ ਤੇ ਵੀ ਮਾਲ ਅਫ਼ਸਰਾਂ ਨੂੰ ਇਤਰਾਜ਼ ਸੀ ਪਰ ਅੱਜ ਦੀ ਮੀਟਿੰਗ ਵਿਚ ਦੋਹਾਂ ਧਿਰਾਂ ਦੇ ਗ਼ੁੱਸੇ ਗਿਲੇ ਇੱਕ ਵਾ ਆਰ ਦੂਰ ਹੋ ਗਏ ਨੇ .
ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵਲੋਂ ਜਾਰੀ ਪ੍ਰੈਸ ਨੋਟ ਦੀ ਕਾਪੀ