ਬਾਬੂਸ਼ਾਹੀ ਬਿਊਰੋ
ਮੋਗਾ 15 ਸਤੰਬਰ ; ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜੱਥੇਬੰਦੀ ਦੀ 75ਵੀਂ ਵਰੇਗੰਢ ਮੌਕੇ ਕੀਤੇ ਗਏ ਅੰਤਰਰਾਸ਼ਟਰੀ ਪੱਧਰ ਦੇ ਸੰਮੇਲਨ ਵਿੱਚ ਅਹਿਮ ਮਤੇ ਪਾਸ ਕੀਤੇ ।
---------------------------------------------------------------
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਸਮਾਗਮ ਵਿੱਚ ਫੈਡਰੇਸ਼ਨ ਵੱਲੋਂ ਤੈਅ ਕੀਤੇ ਟੀਚਿਆਂ ਨੂੰ ਹਾਸਲ ਕਰਨ , ਸਿੱਖ ਸਿਧਾਂਤਾਂ ਉਪਰ ਪਹਿਰਾ ਦੇਣ ਅਤੇ ਨੌਜਵਾਨੀ ਨੂੰ ਨਸ਼ਿਆਂ ਅਤੇ ਹੋਰ ਭੈੜੀਆਂ ਅਲਾਮਤਾਂ ਤੋਂ ਬਚਾਉਣ ਦਾ ਅਹਿਦ ਲਿਆ ਗਿਆ ।
ਜਥੇਬੰਦੀ ਵੱਲੋਂ ਕਾਲਜਾਂ , ਯੂਨੀਵਰਸਿਟੀਆਂ ਵਿੱਚ ਵਿੱਦਿਆ ਹਾਸਲ ਕਰ ਰਹੇ ਨੌਜਵਾਨਾਂ ਨੂੰ ਅਹੁਦੇਦਾਰੀਆਂ ਬਖਸ਼ ਕੇ ਜਥੇਬੰਦੀ ਨੂੰ ਹੋਰ ਸੁਚਾਰੂ ਢੰਗ ਨਾਲ ਸਰਗਰਮ ਕਰਨ ਦਾ ਫ਼ੈਸਲਾ ਲਿਆ ।
ਜਿਸ ਤਹਿਤ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਅੱਜ ਆਪਣਾ ਨਵਾਂ ਪ੍ਰਧਾਨ ਸ੍ਰ. ਜਗਰੂਪ ਸਿੰਘ ਚੀਮਾ ਨੂੰ ਬਣਾਉਣ ਦਾ ਐਲਾਨ ਕੀਤਾ ਹੈ ।
ਭਾਈ ਕਰਨੈਲ ਸਿੰਘ ਪੀਰ ਮੁਹੰਮਦ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ।
ਫੈਡਰੇਸ਼ਨ ਦਾ ਜਨਰਲ ਸਕੱਤਰ ਸ੍ਰ ਪ੍ਰਭਜੋਤ ਸਿੰਘ ਫਰੀਦਕੋਟ ਨੂੰ ਬਣਾਇਆ ਗਿਆ । ਸਰਬਸੰਮਤੀ ਨਾਲ ਕੀਤੀ ਇਸ ਚੋਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ ਮਨਜੀਤ ਸਿੰਘ , ਸ੍ਰ ਬੀਰਦਵਿੰਦਰ ਸਿੰਘ, ਬੀਬਾ ਸਤਵੰਤ ਕੌਰ, ਭਾਈ ਹਰਵਿੰਦਰ ਸਿੰਘ ਖਾਲਸਾ , ਜਥੇਦਾਰ ਸੇਵਾ ਸਿੰਘ ਸੇਖਵਾ ਅਤੇ ਸ੍ਰ ਸਰਬਜੀਤ ਸਿੰਘ ਸੋਹਲ ,ਸ੍ਰ ਰਣਜੀਤ ਸਿੰਘ ਮੁਕਤਸਰ , ਜਥੇਦਾਰ ਹਰਬੰਸ ਸਿੰਘ ਮੰਝਪੁਰ ਨੇ ਮੋਹਰ ਲਗਾਈ । ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਵਿਸ਼ਾਲ ਇਕੱਤਰਤਾ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਫੈਡਰੇਸ਼ਨ ਆਪਣੇ ਪੁਰਖਿਆਂ ਦੇ ਅਕੀਦੇ ਤੇ ਪਹਿਰਾ ਦਿੰਦੀ ਹੋਈ ਪੰਜਾਬ ਦੀ ਸਰਜਮੀਨ ਨੂੰ ਨਸ਼ਿਆਂ ਤੋ ਮੁਕਤ ਕਰੇਗੀ । ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਚਲੇ 5 ਘੰਟੇ ਦੇ ਇਸ ਗੁਰਮਤਿ ਸਮਾਗਮ ਵਿੱਚ ਹਰੇਕ ਬੁਲਾਰੇ ਨੇ ਇੱਕ ਆਸ ਦੀ ਕਿਰਨ ਨਜ਼ਰ ਆਉਣ ਦੀ ਉਮੀਦ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਜਿਸ ਨੂੰ ਕਿ ਸਿੱਖ ਕੌਮ ਦਾ ਹਰਿਆਵਲ ਦਸਤਾ ਆਖਿਆ ਜਾਂਦਾ ਹੈ। ਦੇ ਮਾਨਮੱਤੇ ਇਤਿਹਾਸ ਦਾ ਜਿਕਰ ਕਰਦਿਆ ਸਿੱਖ ਨੌਜਵਾਨ ਪੀੜੀ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਕੇ ਮਨਮਤਿ ਵਿਰੁੱਧ ਡੱਟਣ ਦਾ ਸੱਦਾ ਦਿੱਤਾ ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਦੀ ਸਥਾਪਨਾ ਭਾਈ ਅਮਰ ਸਿੰਘ ਅੰਬਾਲਵੀ ਦੇ ਯਤਨਾਂ ਸਦਕਾ 13 ਸਤੰਬਰ 1944 ਨੂੰ ਹੋਈ ਸੀ । ਸ. ਸਰੂਪ ਸਿੰਘ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ ਸਨ ।
ਲਾਹੌਰ ਵਿਚ ਹੋਈ ਪਹਿਲੀ ਬੈਠਕ ਦੌਰਾਨ ਇਸ ਜਥੇਬੰਦੀ ਦੇ ਨਿਸ਼ਾਨੇ ਮਿਥੇ ਗਏ ਸਨ।
ਪਹਿਲੇ ਨਿਸ਼ਾਨੇ ਤਹਿਤ
ਸਿੱਖ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਾ ਸੀ ।
ਸਿੱਖ ਵਿਦਿਆਰਥੀਆਂ ਲਈ ਗੁਰੂ ਸਾਹਿਬਾਨ ਦੇ ਉੱਚੇ - ਸੁੱਚੇ ਉਪਦੇਸ਼ ਅਤੇ ਵੱਡਮੁੱਲੇ ਵਿਰਸੇ ਦੀ ਜਾਣਕਾਰੀ ਉਪਲੱਬਧ ਕਰਵਾਉਣੀ ਸੀ । ਉਹਨਾਂ ਕਿਹਾ ਕਿ ਭਾਰਤ ਦੀ ਵੰਡ ਤੋਂ ਬਾਅਦ ਫੈਡਰੇਸ਼ਨ ਦਾ ਏਜੰਡਾ ਕੈਂਪਾਂ ਦੁਆਰਾ ਸਿੱਖਾਂ ਨੂੰ ਵੱਖਰੀ ਪਛਾਣ ਦਾ ਅਹਿਸਾਸ ਕਰਵਾਉਣਾ ਅਤੇ ਸਿੱਖ ਨੌਜਵਾਨਾਂ ਵਿੱਚ ਪਤਿਤਪੁਣਾ, ਨਸ਼ਾਖੋਰੀ ਅਤੇ ਰਾਜਨੀਤਕ ਗਫ਼ਲਤ ਵਿਰੁੱਧ ਚੇਤਨਾ ਪੈਦਾ ਕਰਨਾ ਰਿਹਾ ਹੈ।
ਫ਼ੈਡਰੇਸ਼ਨ ਨੇ ਸਿੱਖ ਨੌਜਵਾਨ ਵਰਗ ਵਿਚੋਂ ਅਨੇਕਾਂ ਚੇਤੰਨ ਤੇ ਦੂਰਅੰਦੇਸ਼ ਆਗੂ ਸਿੱਖ ਰਾਜਨੀਤੀ ਨੂੰ ਦਿੱਤੇ ਹਨ। ਨੌਜਵਾਨ ਵਰਗ ਵਿਚ ਸਿੱਖੀ ਚੇਤਨਾ ਤੇ ਸਿਧਾਂਤਕ ਦ੍ਰਿੜ੍ਹਤਾ ਦੇ ਨਾਲ-ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਧਰਮ ਨਿਰਪੱਖਤਾ ਦੀ ਵੀ ਵੱਖਰੀ ਮਿਸਾਲ ਪੈਦਾ ਕਰਦਿਆਂ ਗੈਰ-ਸਿੱਖਾਂ ਨੂੰ ਵੀ ਕਲਾਵੇ ਵਿਚ ਲਿਆ, ਜਿਸ ਦੀ ਮਿਸਾਲ 1954 ਵਿਚ ਭਾਈ ਹਰਬੰਸ ਲਾਲ ਨੂੰ ਫ਼ੈਡਰੇਸ਼ਨ ਦਾ ਪ੍ਰਧਾਨ ਬਣਾਉਣਾ ਸੀ।
ਉਹਨਾਂ ਨੌਜਵਾਨ ਪੀੜੀ ਤੋਂ ਵੱਡੀਆਂ ਆਸਾ ਰੱਖਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੀ ਟੀਮ ਦੀ ਜੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਫੈਡਰੇਸ਼ਨ ਨੂੰ ਪੰਜਾਬ ਅਤੇ ਦੇਸ਼ ਦੁਨੀਆਂ ਵਿੱਚ ਹੋਰ ਅੱਗੇ ਵਧਾਉਣ ।
ਇਸ ਮੌਕੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਡਿਪਟੀ ਡਾਇਰੈਕਟਰ ਐਜੂਕੇਸ਼ਨ (ਐਸ ਜੀ ਪੀ ਸੀ) ਬੀਬੀ ਸਤਵੰਤ ਕੌਰ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਨੂੰ 2 ਜੁਲਾਈ 1978 ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਫ਼ੈਡਰੇਸ਼ਨ ਦੇ ਸਾਲਾਨਾ ਇਜਲਾਸ ਵਿੱਚ (ਭਾਈ ਅਮਰੀਕ ਸਿੰਘ (ਸਪੁੱਤਰ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ, 13ਵੇਂ ਮੁਖੀ ਦਮਦਮੀ ਟਕਸਾਲ) ਨੂੰ ਇਸ ਜਥੇਬੰਦੀ ਦਾ ਪ੍ਰਧਾਨ ਬਣਾਉਣ ਦਾ ਇਤਿਹਾਸਕ ਫ਼ੈਸਲਾ ਹੋਇਆ ਸੀ ਤਾਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਹਿਯੋਗ ਨਾਲ ਭਾਈ ਅਮਰੀਕ ਸਿੰਘ ਨੇ ਗੁਰਮਤਿ ਪ੍ਰਚਾਰ ਦੀ ਅਜਿਹੀ ਲਹਿਰ ਆਰੰਭੀ ਕਿ ਸਿੱਖ ਨੌਜਵਾਨੀ ਬਾਣੀ-ਬਾਣੇ ਵਿਚ ਪ੍ਰਪੱਕਤਾ ਦੇ ਨਾਲ-ਨਾਲ ਰਾਜਨੀਤਕ ਖੇਤਰ ਵਿਚ ਵੀ ਚੇਤੰਨ ਹੋਣ ਲੱਗੀ।
ਸਿੱਖੀ ਚੇਤਨਾ ਜਾਗਣ ਲੱਗੀ ਅਤੇ ਪਤਿਤ ਹੋ ਰਹੇ ਸਿੱਖ ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਮੁੜ ਜਲਵਾਗਰ ਹੋਣ ਲੱਗੀਆਂ। ਭਾਈ ਅਮਰੀਕ ਸਿੰਘ ਲਗਾਤਾਰ ਪੰਜ ਵਾਰ ਫੈਡਰੇਸ਼ਨ ਦੇ ਪ੍ਰਧਾਨ ਰਹੇ।
ਜੂਨ 1984 ਦੇ ਸ਼੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੌਰਾਨ ਭਾਈ ਅਮਰੀਕ ਸਿੰਘ ਅਤੇ ਫੈਡਰੇਸ਼ਨ ਦੇ ਹੋਰ ਸਿਰਕੱਢ ਆਗੂ ਆਪਣੇ ਜਾਨ ਤੋਂ ਪਿਆਰੇ ਧਰਮ ਅਸਥਾਨ ਦੀ ਅਜ਼ਮਤ ਖ਼ਾਤਰ ਸ਼ਹੀਦ ਹੋ ਗਏ ।
ਫੈਡਰੇਸ਼ਨ ਦੇ ਸਾਬਕਾ ਐਕਟਿੰਗ ਪ੍ਰਧਾਨ ਸ੍ਰ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ 19 ਜਨਵਰੀ 1995 ਨੂੰ ਉਸ ਵੇਲੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਪੰਜ ਸਿੰਘ ਸਾਹਿਬਾਨ ਨਾਲ ਸਲਾਹ ਮਸ਼ਵਰਾ ਕਰਕੇ ਫੈਡਰੇਸ਼ਨ ਦੇ ਸ੍ਰ.ਹਮਿੰਦਰ ਸਿੰਘ ਗਿੱਲ ਅਤੇ ਸ੍ਰ. ਜਸਬੀਰ ਸਿੰਘ ਘੁੰਮਣ , ਸ੍ਰ. ਪਰਮਿੰਦਰ ਸਿੰਘ ਢਿੱਲੋ , ਬਿੱਟੂ, ਖਾਲਸਾ ,ਯੂਥ ਆਰਗਨਾਈਜੇਸਨ ਧੜਿਆ ਨੂੰ ਭੰਗ ਕਰਕੇ ਸੰਪੂਰਨ ਏਕਤਾ ਕਰਵਾਕੇ ਫੈਡਰੇਸ਼ਨ ਦਾ ਪ੍ਰਧਾਨ ਸਰਬਸੰਮਤੀ ਨਾਲ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੂੰ ਨਿਯੁਕਤ ਕੀਤਾ ।
ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਲਗਾਤਾਰ 23 ਸਾਲ ਫੈਡਰੇਸ਼ਨ ਦੇ ਪਲੇਟਫਾਰਮ ਤੋ ਸੇਵਾਵਾਂ ਨਿਭਾਉਂਦਿਆਂ ਫੈਡਰੇਸ਼ਨ ਦੇ ਸਿਧਾਂਤਾਂ ਤੇ ਪੈਰਾ ਦੇਣ ਦੇ ਨਾਲ ਨਾਲ ਦਿੱਲੀ , ਹਰਿਆਣਾ 'ਤੇ ਹੋਰ ਰਾਜਾਂ ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨੀ ਸਜ਼ਾਵਾਂ ਦਿਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਆਂ ।
ਪਿਛਲੇ ਸਾਲ ਇਹਨਾਂ ਨੇ ਆਪਣਾ ਅਸਤੀਫਾ ਸਰਬੱਤ ਖਾਲਸਾ ਵੱਲੋਂ ਨਿਯੁੱਕਤ ਤਿਹਾੜ ਜੇਲ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੌੰਪ ਕੇ ਆਪ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸਮੂਲੀਅਤ ਕਰ ਲਈ ।
ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਹਨਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਅਤੇ ਬੁਲਾਰਾ ਨਿਯੁਕਤ ਕੀਤਾ । ਉਨ੍ਹਾਂ ਕਿਹਾ ਕਿ ਉਹ ਪੀਰਮੁਹੰਮਦ ਦੀ ਸ਼ਲਾਘਾ ਕਰਦੇ ਹਨ ਕਿ ਉਹਨਾਂ ਆਪਣੀ ਮਾਂ ਜਥੇਬੰਦੀ ਨੂੰ ਨਾ ਭੁੱਲਕੇ ਫੈਡਰੇਸ਼ਨ ਦੀ 75 ਵੀਂ ਵਰੇਗੰਢ ਮੌਕੇ ਇਤਿਹਾਸਕ ਇਕੱਠ ਕਰਕੇ ਮੁੜ ਤੋਂ ਜਥੇਬੰਦੀ ਅੰਦਰ ਨਵੀ ਰੂਹ ਫੂਕੀ ਹੈ ।
ਫੈਡਰੇਸ਼ਨ ਦੇ ਸਾਬਕਾ ਨੇਤਾਵਾਂ ਜਥੇਦਾਰ ਹਰਬੰਸ ਸਿੰਘ ਮੰਝਪੁਰ ਅਤੇ ਸ੍ਰ ਸਰਬਜੀਤ ਸਿੰਘ ਸੋਹਲ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅੱਜ
13 ਸਤੰਬਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ 75ਵੀਂ ਸਥਾਪਨਾ ਵਰ੍ਹੇਗੰਢ ਹੈ। ਇਸ ਮੌਕੇ ਜਿੱਥੇ ਸਿੱਖ ਨੌਜਵਾਨਾਂ ਦੀ ਇਸ ਜਥੇਬੰਦੀ ਦੇ ਸੰਸਥਾਪਕਾਂ ਅਤੇ ਸ਼ਹੀਦ ਆਗੂਆਂ ਪ੍ਰਤੀ ਸੱਚਾ ਨਿਸ਼ਚਾ ਤੇ ਸਤਿਕਾਰ ਪ੍ਰਗਟ ਕਰਦਿਆਂ ਆਪਾਪ੍ਰਸਤੀ ਅਤੇ ਧੜੇਬੰਦੀਆਂ ਤਿਆਗ ਕੇ ਮੁੜ ਫੈਡਰੇਸ਼ਨ ਨੂੰ ਇਸ ਦੇ ਮੂਲ ਸਰੂਪ ਵਿਚ ਲਿਆਉਣ ਲਈ ਵਿਚਾਰਾਂ ਕਰ ਰਹੇ ਹਾਂ , ਉੱਥੇ ਪੰਜਾਬ ਦੀ ਨੌਜਵਾਨੀ ਦੇ ਅਜੋਕੇ ਸਰੋਕਾਰਾਂ ਅਤੇ ਸੰਕਟਾਂ ਨੂੰ ਮੁਖਾਤਿਬ ਹੁੰਦਿਆਂ ਨਵੇਂ ਅਤੇ ਉੱਜਲ ਰਾਹ ਤਲਾਸ਼ੇ ਜਾਣੇ ਬੇਹੱਦ ਜਰੂਰੀ ਹਨ ।
ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਫੈਡਰੇਸ਼ਨ ਦੀ ਪੁਰਾਣੀ ਅਤੇ ਨਵੀਂ ਲੀਡਰਸ਼ਿੱਪ ਨੂੰ ਜਥੇਬੰਦੀ ਦੀ 75 ਵੀਂ ਵਰੇਗੰਢ ਦੀ ਵਧਾਈ ਦਿੰਦਿਆ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹਮੇਸ਼ਾ ਸ੍ਰੌਮਣੀ ਅਕਾਲੀ ਦਲ ਨੂੰ ਨਵੀਂ ਨਿਰੋਈ ਲੀਡਰਸ਼ਿਪ ਪ੍ਰਦਾਨ ਕਰਦੀ ਰਹੀ ਹੈ ।
ਜਦ ਤੋਂ ਪਾਰਟੀ ਅੰਦਰ ਭਾਈ ਭਤੀਜਾਵਾਦ ਲਾਲਚ , ਖੁਦਗਰਜ਼ੀ ਵਧੀ ਤਦ ਤੋਂ ਫੈਡਰੇਸ਼ਨ ਹਾਸ਼ੀਏ ਤੇ ਜਾਂਦੀ ਰਹੀ ,
ਇਸੇ ਕਰਕੇ ਸ੍ਰੌਮਣੀ ਅਕਾਲੀ ਦਲ ਦੀ ਧਾਰਮਿਕ ਦਿੱਖ ਨਾਮਾਤਰ ਦਿਖਾਈ ਦੇਣ ਲੱਗੀ । ਉਹਨਾਂ ਕਿਹਾ ਕਿ ਫੈਡਰੇਸ਼ਨ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੀ ਜਿਸ ਨੂੰ ਮੁੜ ਤੋਂ ਮਜਬੂਤ ਕਰਨ ਲਈ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਆਪਣੇ ਸਾਥੀਆਂ ਤੇ ਸੰਗਤਾ ਦੇ ਸਹਿਯੋਗ ਨਾਲ ਪਾ ਰਹੀ ਹੈ ।
ਇਸ ਮੌਕੇ ਵਿਸ਼ਵ ਪੱਧਰ 'ਤੇ ਸਿੱਖ ਕੌਮ ਦਾ ਨਾਂਅ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਖੇਤਰ ਵਿੱਚ ਰੌਸ਼ਨ ਕਰਨ ਵਾਲੀਆਂ ਵੱਖ-ਵੱਖ ਖੇਤਰਾਂ ਦੀਆਂ ਵੱਖ-ਵੱਖ 25 ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ।
ਫੈਡਰੇਸ਼ਨ ਦੇ ਨਵੇਂ ਥਾਪੇ ਗਏ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਇਸ ਮੌਕੇ ਜਿੱਥੇ ਜਥੇਬੰਦੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉੱਥੇ ਕਿਹਾ ਕਿ ਉਹ ਪੰਥ ਦੀ ਚੜ੍ਹਦੀ ਕਲਾ ਅਤੇ ਫੈਡਰੇਸ਼ਨ ਦੇ ਮਨੋਰਥ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ ।