ਗੁਰਨਾਮ ਸਿੱਧੂ
ਫਿਰੋਜ਼ਪੁਰ 15 ਸਤੰਬਰ 2019: ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਦੀ ਅਗਵਾਈ ਅਧੀਨ ਚੱਲ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਭਲਾਈ ਦੇ ਅਨੇਕਾਂ ਕੰਮ ਕੀਤੇ ਜਾ ਰਹੇ ਹਨ। ਸੰਸਥਾ ਵੱਲੋਂ ਸਤਲੁਜ ਦਰਿਆ ਦੀ ਮਾਰ ਹੇਠ ਆਏ ਲੋਕਾਂ ਦੀ ਜਿੱਥੇ ਪਹਿਲਾਂ ਹੀ ਖਾਦ ਸਮੱਗਰੀ, ਦਵਾਈਆਂ ਅਤੇ ਹੋਰ ਕਈ ਤਰ੍ਹਾਂ ਨਾਲ ਲਗਾਤਾਰ ਮੱਦਦ ਕੀਤੀ ਜਾ ਰਹੀ ਹੈ ਅਤੇ ਓਥੇ ਹੁਣ ਇਸ ਵਿਚ ਵਾਧਾ ਕਰਦੇ ਹੋਏ ਹੜ੍ਹ ਪੀੜਤ ਲੋਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੀ ਗਿਣਤੀ ਮੁਤਾਬਕ ਮਾਰਕਫੈੱਡ ਦੀ ਪਸ਼ੂ ਖੁਰਾਕ ਅਤੇ ਗਰਮ ਕੰਬਲ ਵੀ ਦਿੱਤੇ ਜਾਣਗੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਜਨਰਲ ਸਕੱਤਰ ਸੰਦੀਪ ਖੁੱਲਰ ਅਤੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਨੇ ਦੱਸਿਆ ਕਿ ਸੰਸਥਾ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਸੰਸਥਾ ਦੀ ਜ਼ਿਲ੍ਹਾ ਟੀਮ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੜ ਪ੍ਰਭਾਵਿਤ ਇਲਾਕਿਆ ਦਾ ਬੀਤੇ ਦਿਨੀਂ ਸਰਵੇ ਕੀਤਾ ਗਿਆ ਸੀ। ਜਿਸ ਤਹਿਤ ਜ਼ਿਲ੍ਹੇ ਦੇ ਪਹਿਲੇ ਪੜਾਅ ਵਿਚ ਧਾਰਾ ਘੀਰਾ, ਟੱਲੀ ਗੁਲਾਮ, ਬੱਬੂ ਦੀਆਂ ਬਹਿਕਾਂ ਅਤੇ ਰੱਤੂ ਕੇ ਵਸਤੀ ਆਦਿ ਵਿਚ 300 ਪਰਿਵਾਰਾਂ ਮਾਰਕਫੈੱਡ ਦੀ ਪਸ਼ੂ ਖੁਰਾਕ ਵੰਡੀ ਗਈ ਸੀ ਤੇ ਹੁਣ ਦੂਜੇ ਪੜਾਅ ਵਿਚ ਮੱਖੂ ਨੇੜਲੇ ਪਿੰਡਾਂ ਜਮਾਲੀ ਵਾਲਾ, ਮਨੂੰ ਮਾਛੀ, ਸ਼ਾਹਦੀਨ ਵਾਲਾ ਬਹਿਬਲ ਵਾਲਾ, ਗੱਟਾਂ ਦਲੇਰ ਅਤੇ ਗੱਟੇ ਦੀਆਂ ਬਹਿਕਾਂ ਦੇ ਕਿਸਾਨਾਂ ਨੂੰ ਐਤਵਾਰ 15 ਸਤੰੰਬਰ ਨੂੰ ਕਰੀਬ 330 ਪਰਿਵਾਰਾਂ ਨੂੰ ਇਹ ਪਸ਼ੂ ਖੁਰਾਕ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਤੀਜੇ ਅਤੇ ਚੌਥੇ ਪੜਾਅ ਵਿਚ ਜ਼ਿਲ੍ਹੇ ਦੇ ਸਾਰੇ ਹੜ੍ਹ ਪ੍ਰਭਾਵਿਤ ਪਿੰਡ ਕਵਰ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸਰਦੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਗਰਮ ਕੰਬਲ ਵੀ ਦਿੱਤੇ ਜਾਣਗੇ ਤਾਂ ਜੋ ਇਨ੍ਹਾਂ ਲੋਕਾਂ ਦੀ ਕੁਝ ਹੋਰ ਸਹਾਇਤਾ ਹੋ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀਮਤੀ ਅਮਰਜੀਤ ਕੌਰ ਛਾਬੜਾ, ਭਜਨ ਪੇਂਟਰ, ਬਲਜਿੰਦਰ ਸਿੰਘ ਰੂਪਰਾਏ ਹਲਕਾ Îਇੰਚਾਰਜ ਗੁਰੂਹਰਸਹਾਏ, ਗਗਨ ਕਲਸੀ, ਨਰਿੰਦਰ ਬੇਰੀ ਕੈਸ਼ੀਅਰ, ਗੁਰਪ੍ਰੀਤ ਸਿੰਘ ਘੜਿਆਲ ਮੀਤ ਪ੍ਰਧਾਨ, ਸੁਖਜੀਤ ਸਿੰਘ ਹਰਾਜ, ਸੰਜੀਵ ਬਜਾਜ, ਦਵਿੰਦਰ ਸਿੰਘ ਛਾਬੜਾ, ਸੁਖਵੰਤ ਝੰਜੀ, ਸਿਮਰਨਜੀਤ ਸਿੰਘ ਮਾਨ, ਜਗਵੰਤ ਸਿੰਘ ਮੱਲੀ, ਲਵਲੀ ਕਲਸੀ ਸਮੇਤ ਸੰਸਥਾ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ।