ਕਸ਼ਮੀਰੀ ਲੋਕਾਂ ਦੇ ਹੱਕ 'ਚ ਮੋਹਾਲੀ ਪੁੱਜੇ ਵਿਖਾਵਾਕਾਰੀਆਂ ਨੂੰ ਹਿਰਾਸਤ 'ਚ ਲੈਂਦੀ ਹੋਏ ਪੁਲਿਸ ਕਰਮੀ
ਕਸ਼ਮੀਰ ਦੇ ਮੁੱਦੇ ਤੇ ਪੰਜਾਬ ਭਰ 'ਚ ਰੋਸ ਵਿਖਾਵੇ - ਮੁਹਾਲੀ ਆਉਂਦੇ ਵਿਖਾਵਾਕਾਰੀਆਂ ਰਸਤਿਆਂ 'ਚ ਹੀ ਰੋਕਿਆ
ਚੰਡੀਗੜ੍ਹ , 15 , 2019 : ਬੀ ਕੇ ਯੂ ਸਮੇਤ ਪੰਜਾਬ ਦੀਆਂ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਕਸ਼ਮੀਰੀ ਕੌਮੀ ਸ਼ੰਘਰਸ਼ ਹਮਾਇਤ ਕਮੇਟੀ ਦੇ ਝੰਡੇ ਹੇਠ ਕਸ਼ਮੀਰ ਦੇ ਲੋਕਾਂ ਦੇ ਹੱਕ ਵਿਚ ਅੱਜ ਪੰਜਾਬ ਭਰ 'ਚ ਕਈ ਥਾਵਾਂ ਤੇ ਰੋਸ ਵਿਖਾਵੇ ਕੀਤੇ ਗਏ . ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਉਹ ਸਾਰੇ ਮੁਹਾਲੀ ਵੱਲ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤਿਆਂ ਵਿੱਚ ਰੋਕ ਲਿਆ. ਜਿੱਥੇ ਜਿੱਥੇ ਉਹ ਰੋਕੇ ਗਏ , ਉਨ੍ਹਾਂ ਉੱਥੇ ਹੀ ਆਪਣੇ ਰੋਸ ਧਰਨੇ ਅਤੇ ਵਿਖਾਵੇ ਕੀਤੇ .
ਰੇਲ ਰਾਹੀਂ ਅਤੇ ਕੁਝ ਹੋਰ ਸਾਧਨਾਂ ਰਾਹੀਂ ਮੁਹਾਲੀ ਨੇੜੇ ਪੁੱਜੇ ਵਿਖਾਵਾਕਾਰੀਆਂ ਨੂੰ ਪੁਲਿਸ ਨੇ ਰੋਕ ਕੇ ਹਿਰਾਸਤ ਵਿਚ ਲੈਕੇ ਵਾਪਸ ਭੇਜ ਦਿੱਤਾ . ਵਿਖਾਵਾਕਾਰੀਆਂ ਵਿਚ ਕਾਫ਼ੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ .
ਇਹ ਲੋਕ ਕਸ਼ਮੀਰ ਦੇ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾ ਰਹੇ ਹਨ . ਜਿੱਥੇ ਉਹ ਧਾਰਾ 370 ਦੇ ਖ਼ਾਤਮੇ ਦਾ ਵਿਰੋਧ ਕਰ ਰਹੇ ਹਨ ਉੱਥੇ ਕਸ਼ਮੀਰੀ ਲੋਕਾਂ ਤੇ ਲਾਈਆਂ ਗਈਆਂ ਪਾਬੰਦੀਆਂ ਅਤੇ ਉਨ੍ਹਾਂ ਦੇ ਲੋਕ ਰਾਜੀ ਹੱਕਾਂ ਨੂੰ ਖੋਹੇ ਜਾਣ ਦਾ ਵਿਰੋਧ ਕਰ ਰਹੇ ਸਨ .
ਕਸ਼ਮੀਰੀ ਲੋਕਾਂ ਦੀ ਹਮਾਇਤ ’ਚ ਮੁਜ਼ਾਹਰੇ ਉੱਪਰ ਪਾਬੰਦੀ ਲਾਉਣਾ ਜਮਹੂਰੀ ਹੱਕਾਂ ਦਾ ਘਾਣ
ਇਸੇ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ‘ਕਸ਼ਮੀਰ ਕੌਮੀ ਸੰਘਰਸ਼ ਹਮਾਇਤ ਕਮੇਟੀ, ਪੰਜਾਬ’ ਵੱਲੋਂ ਮੁਹਾਲੀ ਵਿਚ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਉੱਪਰ ਪਾਬੰਦੀ ਲਗਾਉਣ ਅਤੇ ਮੁਜ਼ਾਹਰਾਕਾਰੀ ਕਾਫ਼ਲਿਆਂ ਨੂੰ ਥਾਂ ਥਾਂ ਪੁਲਿਸ ਲਗਾ ਕੇ ਰੋਕਣ ਅਤੇ ਗ੍ਰਿਫ਼ਤਾਰੀਆਂ ਕਰਨ ਲਈ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜਮਹੂਰੀ ਹੱਕਾਂ ਦਾ ਘਾਣ ਸੂਬੇ ਦੇ ਮਾਹੌਲ ਨੂੰ ਜਾਣ ਬੁੱਝ ਕੇ ਟਕਰਾਓ ਵੱਲ ਧੱਕਣ ਵਾਲਾ ਅਤੇ ਨਿਹਾਇਤ ਗ਼ੈਰਜ਼ਿੰਮੇਵਾਰਾਨਾ ਪ੍ਰਸ਼ਾਸਨਿਕ ਕਦਮ ਹੈ। ਮੁਜ਼ਾਹਰੇ ਦੀਆਂ ਪ੍ਰਬੰਧਕ ਜਨਤਕ ਜਥੇਬੰਦੀਆਂ ਵੱਲੋਂ ਇਸ ਪੁਰਅਮਨ ਰੋਸ ਮੁਜ਼ਾਹਰੇ ਦੀ ਇਜਾਜ਼ਤ ਲੈਣ ਲਈ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਉਣ ਦੇ ਬਾਵਜੂਦ ਰਾਜ ਸਰਕਾਰ ਵੱਲੋਂ ਇਜਾਜ਼ਤ ਦੀ ਦਰਖਾਸਤ ਰੱਦ ਕਰ ਦਿੱਤੀ ਗਈ ਅਤੇ ਮੁਜ਼ਾਹਰੇ ਨੂੰ ਰੋਕਣ ਲਈ ਬੇਤਹਾਸ਼ਾ ਪੁਲਿਸ ਤਾਕਤ ਝੋਕ ਦਿੱਤੀ ਗਈ। ਭਾਜਪਾ ਸਰਕਾਰ ਦੀ ਕਸ਼ਮੀਰੀ ਲੋਕਾਂ ਨਾਲ ਧੱਕੇਸ਼ਾਹੀ ਅਤੇ ਲਾ ਕਾਨੂੰਨੀ ਦਾ ਦੁਨੀਆ ਭਰ ਦੇ ਇਨਸਾਫ਼ਪਸੰਦ ਲੋਕ ਵਿਰੋਧ ਕਰ ਰਹੇ ਹਨ ਅਤੇ ਕਸ਼ਮੀਰੀ ਲੋਕਾਂ ਨਾਲ ਇੱਕਮੁੱਠ ਤਾਂ ਪ੍ਰਗਟਾ ਰਹੇ ਹਨ। ਭਾਜਪਾ ਸਰਕਾਰ ਦੇ ਧੱਕੜ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਕਸ਼ਮੀਰੀ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਉਣਾ ਅਤੇ ਸਵੈ ਨਿਰਨੇ ਦੇ ਹੱਕ ਵਿਚ ਆਵਾਜ਼ ਉਠਾਉਣਾ ਪੰਜਾਬ ਦੇ ਲੋਕਾਂ ਦਾ ਵੀ ਜਮਹੂਰੀ ਹੱਕ ਹੈ। ਪੰਜਾਬ ਸਰਕਾਰ ਵੱਲੋਂ ਅਮਨਪਸੰਦ ਰੋਸ ਮੁਜ਼ਾਹਰੇ ਉੱਪਰ ਪਾਬੰਦੀ ਥੋਪਣ ਤੋਂ ਇਹ ਵੀ ਸਾਬਤ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਅਤੇ ਕੈਪਟਨ ਸਰਕਾਰ ਵੱਲੋਂ ਧਾਰਾ 370 ਅਤੇ 35ਏ ਬਾਰੇ ਭਾਜਪਾ ਦੇ ਫ਼ੈਸਲੇ ਵਿਰੁੱਧ ਬਿਆਨਬਾਜ਼ੀ ਮਹਿਜ਼ ਸਿਆਸੀ ਮੁਫ਼ਾਦਾਂ ਤੋਂ ਪ੍ਰੇਰਤ ਹੈ ਅਤੇ ਕਸ਼ਮੀਰੀ ਲੋਕਾਂ ਨਾਲ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦੇ ਤਾਨਾਸ਼ਾਹ ਤੌਰ ਤਰੀਕੇ ਪੰਜਾਬ ਦੇ ਇਨਸਾਫ਼ਪਸੰਦ ਲੋਕਾਂ ਦੀ ਮਜ਼ਲੂਮ ਕਸ਼ਮੀਰੀ ਕੌਮ ਦੇ ਹੱਕ ਵਿਚ ਬੁਲੰਦ ਕੀਤੀ ਜਾ ਰਹੀ ਹੱਕੀ ਆਵਾਜ਼ ਨੂੰ ਨਹੀਂ ਰੋਕ ਸਕਣਗੇ। ਸਭਾ ਦੇ ਆਗੂਆਂ ਨੇ ਸਮੂਹ ਜਮਹੂਰੀਅਤ ਪਸੰਦ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਥੋਪੀ ਇਸ ਤਾਨਾਸ਼ਾਹ ਪਾਬੰਦੀ ਵਿਰੁੱਧ ਆਵਾਜ਼ ਉਠਾਉਂਦੇ ਹੋਏ ਕਸ਼ਮੀਰੀਆਂ ਨਾਲ ਇਕਮੁੱਠਤਾ ਪ੍ਰਗਟਾਉਣ ਦੇ ਜਮਹੂਰੀ ਹੱਕ ਨੂੰ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।
ਪਾਬੰਦੀ ਅਤੇ ਗਿਰਫ਼ਤਾਰੀਆਂ ਦੀ ਨਿਖੇਧੀ
ਕਸ਼ਮੀਰੀ ਕੌਮੀ ਸ਼ੰਘਰਸ਼ ਹਮਾਇਤ ਕਮੇਟੀ 15ਸਤੰਬਰ ਨੂੰ ਮੁਹਾਲੀ ਵਿਖੇ ਕਸ਼ਮੀਰੀ ਕੌਮ ਦੇ ਘੋਲ ਦੀ ਹਮਾਇਤ, 370 ਤੇ 35-ਏ ਮੋਦੀ ਸਰਕਾਰ ਵੱਲੋ ਖਾਰਜ ਕੀਤੇ ਜਾਣ ਦੇ ਵਿਰੋਧ ਵਿੱਚ ਰੈਲੀ ਕਰਨਾ ਚਾਹੁੰਦੀ ਸੀ। ਪੁਲਸ ਪ੍ਰਸ਼ਾਸਨ ਨੇ ਰੈਲੀ ਨੂੰ ਤਾਕਤ ਦੀ ਵਰਤੋਂ ਕਰਕੇ ਰੋਕਿਆ,ਟੈਟ ਪੁੱਟ ਕੇ, ਟੈਟ ਮਾਲਕ ਨੂੰ ਗਿਰਫ਼ਤਾਰ ਕੀਤਾ।
ਲੋਕ ਸੰਗਰਾਮ ਮੰਚ ਦੇ ਸੂਬਾ ਪਰਧਾਨ ਤਾਰਾ ਸਿੰਘ ਮੋਗਾ, ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਬਲਦੇਵ ਜੀਰਾ ਅਤੇ ਕਰਾਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਦਿਲਬਾਗ ਸਿੰਘ ਪੰਜਾਬ ਦੀ ਕੈਪਟਨ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਪੰਜਾਬੀ ਲੋਕ ਇਨ੍ਹਾਂ ਪਾਬੰਦੀਆਂ ਨੂੰ ਪੈਰਾਂ ਹੇਠਾਂ ਰੋਲ ਕੇ ਮੁਹਾਲੀ ਵੱਲ ਕਾਫਲੇ ਬੰਨ ਕੇ ਰਵਾਨਾ ਹੋਏ। ਕਈ ਜਥੇ ਮੁਹਾਲੀ ਰੇਲਾ ਰਾਹੀ ਪੁੱਜ ਗਏ। ਪੁਲੀਸ ਨੇ ਉਨਾ ਨੂੰ ਗਿਰਫ਼ਤਾਰ ਕਰ ਲਿਆ। ਗਿਰਫ਼ਤਾਰੀਆਂ ਦੀ ਖਬਰ ਸੁਣਕੇ ਮੁਹਾਲੀ ਵੱਲ ਜਾ ਰਹੇ ਲੋਕਾਂ ਨੇ ਥਾਂ-ਥਾ ਸੜਕਾਂ ਤੇ ਰੋਸ ਜਾਹਰ ਕੀਤੇ।
ਇਨਾ ਗਿਰਫ਼ਤਾਰੀਆਂ ਤੇ ਥਾਂ ਪਰ ਥਾਂ ਰੋਸ ਮੁਜਾਹਰਿਆਂ ਨੇ ਪਾਬੰਦੀਆਂ ਰੋਲ ਕੇ ਕਸ਼ਮੀਰੀ ਲੋਕਾ ਦੇ ਮਸਲਿਆਂ ਨੂੰ ਉਭਾਰਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਗਿਰਫਤਾਰ ਕੀਤੇ ਸਾਰੇ ਸਾਥੀਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ।