ਰਜਨੀਸ਼ ਸਰੀਨ
ਨਵਾਂਸ਼ਹਿਰ, 15 ਸਤੰਬਰ 2019 - ਭਾਰਤ ਸਰਕਾਰ ਵਲੋਂ ਦੇਸ਼ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ 225 ਜ਼ਿਲ੍ਹਿਆਂ ਵਿੱਚ ਜੁਲਾਈ ਮਹੀਨੇ ਆਰੰਭੇ ਜਲ ਸ਼ਕਤੀ ਅਭਿਆਨ ਦੇ ਤੀਸਰੇ ਪੜਾਅ ਤਹਿਤ ਜ਼ਿਲ੍ਹੇ ਦੇ ਦੌਰੇ ’ਤੇ ਆਈ ਕੇਂਦਰੀ ਟੀਮ ਵੱਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਮੰਤਵ ਨਾਲ ਜ਼ਿਲ੍ਹੇ ’ਚ ਹੋ ਰਹੇ ਵੱਖ-ਵੱਖ ਕੰਮਾਂ ਦਾ ਦੌਰਾ ਕੀਤਾ ਗਿਆ।
ਕੇਂਦਰੀ ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਮੰਤਰਾਲੇ ਦੇ ਸਲਾਹਕਾਰ ਸ਼੍ਰੀ ਰਾਮ ਕਰਨ ਦੀ ਅਗਵਾਈ ਵਿੱਚ ਆਈ ਇਸ ਤਿੰਨ ਮੈਂਬਰੀ ਟੀਮ ’ਚ ਕੇਂਦਰੀ ਜਲ ਸ੍ਰੋਤ ਮੰਤਰਾਲੇ ਤੋਂ ਤਕਨੀਕੀ ਨੋਡਲ ਅਫ਼ਸਰ ਸ਼੍ਰੀ ਸੰਦੀਪ ਬਿਸ਼ਟ ਅਤੇ ਕੇਂਦਰੀ ਊਰਜਾ ਮੰਤਰਾਲੇ ਤੋਂ ਡਾਇਰੈਕਟਰ ਸੀ ਈ ਏ ਸ੍ਰੀਮਤੀ ਸ਼ਿਫ਼ਾਲੀ ਢੀਂਗਰਾ ਵੱਲੋਂ ਇਸ ਤਿੰਨ ਦਿਨਾਂ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ’ਚ ਵਿੱਚ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ।
ਟੀਮ ਵੱਲੋਂ ਪਿੰਡ ਸੰਧਵਾਂ, ਹਿਆਲਾ, ਜਾਫ਼ਰਪੁਰ, ਬੁਹਾਰਾ ਵਿਖੇ ਚੱਲ ਰਹੇ ਛੱਪੜਾਂ ਦੇ ਕੰਮ, ਰੂਫ਼ ਟਾਪ ਰੇਨਵਾਟ ਹਾਰਵੈਸਟਿੰਗ, ਸੋਕ ਪਿਟ ਦੇ ਕੰਮ ਜੋ ਪਿੰਡ ਸੰਧਵਾਂ, ਚੱਕ ਬਿਲਗਾ, ਔੜ, ਸਾਹਲੋਂ, ਭੌਰਾ, ਢੰਡੂਹਾ ਅਤੇ ਪੌਦੇ ਲਾਉਣ ਦੇ ਕੰਮ ਜੋ ਪਿੰਡ ਜੱਸੋ ਮਜਾਰਾ ਅਤੇ ਬੰਗਾ ਡਿਸਟ੍ਰੀਬਿੳੂਟਰੀ ਦੇ ਕੰਢੇ ਨੌਰਾ ਵਿਖੇ ਕੀਤੇ ਗਏ, ’ਤੇ ਤਸੱਲੀ ਪ੍ਰਗਟ ਕੀਤੀ ਅਤੇ ਅਧੂਰੇ ਪਏ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਹਦਾਇਤ ਕੀਤੀ।
ਇਸ ਤੋਂ ਬਾਅਦ ਟੀਮ ਵੱਲੋਂ ਪਿੰਡ ਮਜਾਰਾ ਖੁਰਦ ਬਲਾਕ ਨਵਾਂਸ਼ਹਿਰ ਵਿਖੇ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਲਗਾਏ ਜਾਗਰੂਕਤਾ ਕੈਂਪ ਵਿਚ ਅਤੇ ਬਲਾਕ ਨਵਾਂਸ਼ਹਿਰ ਵਿਖੇ ਪਿੰਡ ਦੇ ਸਰਪੰਚਾਂ ਦੇ ਇਕੱਠ ਨੂੰ ਜਲ ਸ਼ਕਤੀ ਅਧੀਂਨ ਜਾਗਰੂਕਤਾ ਪੈਦਾ ਕਰਨ ਲਈ ਸ਼ਮੂਲੀਅਤ ਕੀਤੀ। ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨਾਲ ਮੀਟਿੰਗ ਕਰਕੇ ਟੀਮ ਵੱਲੋਂ ਜ਼ਿਲ੍ਹੇ ਵਿੱਚ ਜਲ ਸ਼ਕਤੀ ਅਭਿਆਨ ਤਹਿਤ ਚੱਲ ਰਹੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਕੇਂਦਰੀ ਟੀਮ ਨਾਲ ਨਿਰੀਖਣ ਦੌਰਾਨ ਰਜੇਸ਼ ਚੱਢਾ ਬੀ ਡੀ ਪੀ ਓ ਔੜ, ਜੋਗਾ ਸਿੰਘ ਵਰਕਸ ਮੈਨੇਜਰ ਮਗਨਰੇਗਾ, ਲਛਮਣ ਦਾਸ ਏ.ਡੀ.ਓ. ਖੇਤੀਬਾੜੀ, ਏ.ਪੀ.ਓ ਔੜ ਗੁਰਪ੍ਰੀਤ ਕੌਰ, ਏ.ਪੀ.ਓ ਬੰਗਾ ਸਰਬਜੀਤ ਸਿੰਘ ਅਤੇ ਇਲਾਕੇ ਦੇ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਸੱਜਣ ਮੌਜੂਦ ਸਨ।