ਗੁਰਨਾਮ ਸਿੱਧੂ
ਫਿਰੋਜ਼ਪੁਰ 16 ਸਤੰਬਰ : ਬਲਾਕ ਫਿਰੋਜ਼ਪੁਰ ਵਿਖੇ ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਪ੍ਰਧਾਨ ਅਮਿਤ ਗਾਂਧੀ ਦੀ ਅਗਵਾਈ ਵਿਚ ਧਰਨਾ ਸ਼ੁਰੂ ਕੀਤਾ ਗਿਆ। ਅੱਜ ਧਰਨੇ ਨੂੰ ਸੰਬੋਧਨ ਕਰਦੇ ਹੋਏ ਅਮਿਤ ਗਾਂਧੀ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਨਰੇਗਾ ਅਧੀਨ ਪਿਛਲੇ 11-12 ਸਾਲਾਂ ਤੋਂ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੇ ਅੱਜ ਤੋਂ ਮੰਗਾਂ ਦੀ ਪੂਰਤੀ ਲਈ ਬਲਾਕ ਪੱਧਰੀ ਧਰਨੇ, ਪ੍ਰਦਰਸ਼ਨ ਪੂਰੇ ਪੰਜਾਬ ਵਿਚ ਸ਼ੁਰੂ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਸਮੇਂ ਸਮੇਂ ਤੇ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਸੇਵਾਵਾਂ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਜ਼ੋਰਦਾਰ ਢੰਗ ਨਾਲ ਆਪਣੀ ਮੰਗ ਉਠਾਈ ਜਾਂਦੀ ਰਹੀ ਹੈ। ਵਿਭਾਗ ਵੱਲੋਂ ਰੈਗੂਲਰ ਦਾ ਕੇਸ ਦੋ ਵਾਰ ਪ੍ਰੋਸ਼ੋਨਲ ਵਿਭਾਗ ਨੂੰ ਭੇਜਿਆ ਵੀ ਜਾ ਚੁੱਕਾ ਹੈ, ਜੋ ਕਿ ਸਰਕਾਰ ਵੱਲੋਂ ਪੈਸੇ ਦੀ ਘਾਟ ਦਾ ਬਹਾਨਾ ਬਣਾ ਕੇ ਵਾਪਸ ਕਰ ਦਿੱਤਾ ਗਿਆ। ਦੂਜੇ ਪਾਸੇ ਨਰੇਗਾ ਮੁਲਾਜ਼ਮਾਂ ਦੇ ਤਜ਼ਰਬੇ ਨੂੰ ਦਰਕਿਨਾਰ ਕਰਕੇ ਵਿਭਾਗ ਵਿਚ ਹੀ ਪਹਿਲਾਂ ਵੀ ਪੰਚਾਇਤ ਸਕੱਤਰ? ਸਟੈਨੋਗ੍ਰਾਫਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਭਵਿੱਖ ਵਿਚ ਵੀ ਵਿਭਾਗ ਨਵੀਂ ਭਰਤੀ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿਚ ਨਰੇਗਾ ਮੁਲਾਜ਼ਮਾਂ ਲਈ ਕੋਈ ਛੋਟ ਦਿੱਤੀ ਜਾਵੇ, ਅਜਿਹੀ ਕੋਈ ਆਸ ਨਹੀਂ ਹੈ। ਇਕ ਪਾਸੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਹੀ ''ਇੰਪਲਾਈਜ਼ ਵੈਲਫੇਅਰ ਐਕਟ 2016'' ਲਾਗੂ ਕਰਕੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਚੁੱਕੇ ਹਨ, ਇਸ ਤੋਂ ਵੀ ਉਲਟ ਕੇਂਦਰ ਦੀ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਸਕੀਮ ਦੇ ਅਧਿਆਪਕ ਸਰਕਾਰ ਦੁਆਰਾ ਆਪਣੀ ਪਾਲਸੀ ਬਣਾ ਕੇ ਰੈਗੂਲਰ ਕੀਤੇ ਗਏ ਹਨ ਜੋ ਕਿ ਨਰੇਗਾ ਮੁਲਾਜ਼ਮਾਂ ਤੇ ਇੰਨ ਬਿੰਨ ਲਾਗੂ ਹੋ ਸਕਦੀ ਹੈ।
ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਦੱਸਿਆ ਕਿ ਮਗਨਰੇਗਾ ਮੁਲਾਜ਼ਮ 2007-2008 ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਡਿਊਟੀ ਕਰ ਰਹੇ ਸਨ। ਸਾਰੇ 1539 ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਸਮੇਂ ਸਮੇਂ ਤੇ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ, ਪਰ ਸਰਕਾਰ ਰੈਗੂਲਰ ਦੀ ਮੰਗ ਤੇ ਲਾਰੇ ਲਾ ਕੇ ਵਕਤ ਟਪਾ ਰਹੀ ਹੈ। ਉਨ੍ਹਾਂ ਦੱਸਿਆ ਕਿ 21 ਅਗਸਤ ਦੀ ਸੂਬਾਈ ਮੀਟਿੰਗ ਵਿਚ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਅੱਜ ਤੋਂ ਨਰੇਗਾ ਹਰ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ 16, 17, 18 ਸਤੰਬਰ ਨੂੰ ਬਲਾਕ ਪੱਧਰ ਤੇ ਧਰਨੇ ਦੇਣ ਤੋਂ ਬਾਅਦ 19 ਅਤੇ 20 ਸਤੰਬਰ ਨੂੰ ਜ਼ਿਲ੍ਹਾ ਪੱਧਰ ਤੇ ਵਿਸ਼ਾਲ ਧਰਨੇ ਦਿੱਤੇ ਜਾਣਗੇ। ਇਸ ਮੌਕੇ ਅਮਨਦੀਪ ਕੌਰ, ਰਜਨੀ ਧਵਨ, ਅਭਿਸ਼ੇਕ, ਵਰਿੰਦਰ ਪਾਲ ਸਿੰਘ, ਸਾਕਸ਼ੀ, ਰਵਿੰਦਰ ਕੌਰ, ਰਾਜਨ, ਪ੍ਰਦੀਪ, ਰਮਨਦੀਪ ਸਿੰਘ ਬੇਦੀ, ਵਿਕਰਮ, ਵਿਕਰਮ ਬਹਿਲ, ਨਿਸ਼ਾਨ ਸਿੰਘ, ਰਣਦੀਪ ਕੌਰ, ਜਗਮੀਤ, ਸਾਹਿਲ, ਗੁਰਵਿੰਦਰ ਸਿੰਘ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।