ਲੋਕੇਸ਼ ਰਿਸ਼ੀ
ਗੁਰਦਾਸਪੁਰ, 16 ਸਤੰਬਰ 2019- ਬਟਾਲਾ ਹਾਦਸੇ ਦੌਰਾਨ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਵਰਤੀ ਗਈ ਸ਼ਬਦਾਵਲੀ ਕਾਰਨ ਸਿਮਰਜੀਤ ਸਿੰਘ ਬੈਂਸ ਬੁਰਾ ਫਸਦੇ ਨਜ਼ਰ ਆ ਰਹੇ ਹਨ। ਕਿਉਂ ਕੀ ਬੈਂਸ ਦੀ ਬਦਜ਼ਬਾਨੀ ਕਾਰਨ ਬਟਾਲਾ ਪੁਲਿਸ ਵੱਲੋਂ ਪਹਿਲਾਂ ਹੀ ਸਖ਼ਤ ਐਕਸ਼ਨ ਲੈਂਦਿਆਂ ਬੈਂਸ ਖ਼ਿਲਾਫ਼ ਵੱਖ-ਵੱਖ ਗੈਰ ਜ਼ਮਾਨਤੀ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਇਸੇ ਮਾਮਲੇ ਵਿੱਚ ਗੁਰਦਾਸਪੁਰ ਦੀ ਮਾਨਯੋਗ ਸੈਸ਼ਨ ਅਦਾਲਤ ਨੇ ਵੀ ਸਖ਼ਤ ਰਵੱਈਆ ਅਖ਼ਤਿਆਰ ਕਰਦਿਆਂ ਬੈਂਸ ਵੱਲੋਂ ਲਾਈ ਗਈ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਟਾਰਨੀ ਅਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਬੀਤੀ 12 ਸਤੰਬਰ ਨੂੰ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ ਸੀ, ਜਿਸ ਮਗਰੋਂ ਮਾਨਯੋਗ ਅਦਾਲਤ ਨੇ ਦੋਹੇਂ ਪੱਖ ਸੁਣਨ ਮਗਰੋਂ ਜ਼ਮਾਨਤ ਸਬੰਧੀ ਫ਼ੈਸਲਾ 16 ਸਤੰਬਰ ਤੱਕ ਰਾਖਵਾਂ ਕੀਤਾ ਸੀ ਅਤੇ ਅੱਜ ਬੈਂਸ ਦੀ ਜ਼ਮਾਨਤ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ।
ਉੱਥੇ ਦੂਜੇ ਪਾਸੇ ਬੈਂਸ ਪੱਖ ਦੇ ਵਕੀਲ ਹਰਮੀਤ ਸਿੰਘ ਨੇ ਉਨ੍ਹਾਂ ਵੱਲੋਂ ਲਾਈ ਗਈ ਜ਼ਮਾਨਤ ਅਰਜ਼ੀ ਜ਼ਿਲ੍ਹਾ ਸੈਸ਼ਨ ਅਦਾਲਤ ਵੱਲੋਂ ਖ਼ਾਰਜ ਕਰ ਦਿੱਤੀ ਗਈ ਹੈ ਅਤੇ ਹੁਣ ਉਹ ਸਿਮਰਜੀਤ ਬੈਂਸ ਨਾਲ ਗੱਲ ਕਰ ਕੇ ਮਾਨਯੋਗ ਹਾਈ ਕੋਰਟ ਵਿਖੇ ਅਪੀਲ ਦਾਇਰ ਕਰਨਗੇ।