← ਪਿਛੇ ਪਰਤੋ
ਐਸ.ਏ.ਐੱਸ ਨਗਰ 16 ਸਤੰਬਰ, 2019: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ ਸੈਂਟਰ ਹੈੱਡ ਟੀਚਰ ਦੇ ਪਹਿਲੇ ਗੇੜ ਦੀ ਤਿੰਨ ਰੋਜ਼ਾ ਓਰੀਐਂਟੇਸ਼ਨ ਸਿਖਲਾਈ ਵਰਕਸ਼ਾਪ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ-32 ਚੰਡੀਗੜ੍ਹ ਵਿਖੇ ਲਗਾਈ ਜਾ ਰਹੀ ਹੈ। ਇਸ ਸਿਖਲਾਈ ਵਰਕਸ਼ਾਪ ਵਿੱਚ ਵੱਖ-ਵੱਖ ਜਿਲ੍ਹਿਆਂ ਦੇ 240 ਨਵ-ਨਿਯੁਕਤ ਸੈਂਟਰ ਹੈੱਡ ਟੀਚਰ ਭਾਗ ਲੈ ਰਹੇ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਇਹ ਓਰੀਅੈਂਟੇਸ਼ਨ ਸਿਖਲਾਈ ਵਰਕਸ਼ਾਪ ਸਕੂਲ ਮੁਖੀਆਂ ਨੂੰ ਸਕੂਲ ਦੇ ਸੁਚਾਰੂ ਪ੍ਰਬੰਧ ਲਈ ਮਹੱਤਵਪੂਰਨ ਨੁਕਤੇ ਸਾਂਝੇ ਕਰਨ ਦੇ ਉਦੇਸ਼ ਲਈ ਆਯੋਜਿਤ ਕੀਤੀ ਗਈ ਹੈ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵੇਂ ਨਿਯੁਕਤ ਸਕੂਲ ਮੁਖੀਆਂ ਨੂੰ ਮੁਬਾਰਕਬਾਦ ਦਿੰਦਿਆਂ ਸਿੱਖਿਆ ਵਿਭਾਗ ਵਿੱਚ ਆਉਣ ਲਈ ਜੀ ਆਇਆ ਕਿਹਾ। ਉਹਨਾਂ ਸਕੂਲ ਮੁਖੀ ਦੇ ਆਹੁਦੇ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਇੱਕ ਮਿਹਨਤੀ ਅਤੇ ਦ੍ਰਿੜ ਇਰਾਦੇ ਵਾਲ਼ਾ ਸਕੂਲ ਮੁਖੀ ਸਕੂਲ ਨੂੰ ਬੁਲੰਦੀਆਂ 'ਤੇ ਲਿਜਾਣ ਵਿੱਚ ਹਮੇਸ਼ਾ ਕਾਮਯਾਬ ਹੁੰਦਾ ਹੈ। ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਸਕੂਲ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਸਮਝਦੇ ਹੋਏ ਆਪਣੇ ਸਕੂਲ ਅਤੇ ਆਪਣੇ ਸੈਂਟਰ ਅਧੀਨ ਆਉਂਦੇ ਸਕੂਲਾਂ ਵਿੱਚ ਸਹਿਯੋਗ, ਅਨੁਸ਼ਾਸਨ ਅਤੇ ਭਰੋਸਾ ਪੈਦਾ ਕਰਨ ਤਾਂ ਕਿ ਸਕੂਲੀ ਮਾਹੌਲ ਸੁਖਾਵਾਂ ਬਣਿਆ ਰਹੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਸਮੂਹ ਸਕੂਲ ਮੁਖੀਆਂ ਨੂੰ ਈ-ਕੰਟੈਂਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਈ-ਕੰਟੈਂਟ ਨਾਲ ਸਾਰਾ ਪਾਠਕ੍ਰਮ ਰੌਚਕ ਬਣ ਗਿਆ ਹੈ। ਈ- ਕੰਟੈਂਟ ਦੀ ਸੁਚੱਜੀ ਵਰਤੋਂ ਨਾਲ ਵਿਦਿਆਰਥੀਆਂ ਦੀ ਕਲਪਨਾ ਸ਼ਕਤੀ ਅਤੇ ਸਮਝ ਪ੍ਰਵਿਰਤੀ ਦਾ ਵਿਕਾਸ ਹੋਵੇਗਾ। ਇਸ ਲਈ ਸਮੂਹ ਸਕੂਲ ਮੁਖੀ ਈ-ਕੰਟੈਂਟ ਦੀ ਜਮਾਤ ਵਿੱਚ ਵਰਤੋਂ ਨੂੰ ਯਕੀਨੀ ਬਣਾਉਣ। ਉਹਨਾਂ ਸਮਾਰਟ ਸਕੂਲ ਬਣਾਉਣ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਿੱਖਿਆ ਵਿਭਾਗ ਨੂੰ ਨਵੇਂ ਨਿਯੁਕਤ ਸਕੂਲ ਮੁਖੀਆਂ ਤੋਂ ਵੀ ਬਹੁਤ ਉਮੀਦਾਂ ਹਨ ਅਤੇ ਉਹਨਾਂ ਆਸ ਪ੍ਰਗਟਾਈ ਕਿ ਨਵੇਂ ਸਕੂਲ ਮੁਖੀ ਵੀ ਸਮਾਰਟ ਪ੍ਰਾਇਮਰੀ ਸਕੂਲ ਬਣਾਉਣ ਵਿੱਚ ਆਪਣੀ ਯੋਗ ਅਗਵਾਈ ਅਤੇ ਸਹਿਯੋਗ ਦੇਣਗੇ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਬੋਹਾ ਨੇ ਵੀ ਨਵ-ਨਿਯੁਕਤ ਸਕੂਲ ਮੁਖੀਆਂ ਦੀ ਸਿੱਖਿਆ ਵਿਭਾਗ ਵਿੱਚ ਆਮਦ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੀ ਵਾਗਡੋਰ ਹੁਣ ਨੌਜਵਾਨ ਹੱਥਾਂ ਵਿੱਚ ਆ ਗਈ ਹੈ ,ਜਿਸ ਨਾਲ਼ ਪ੍ਰਾਇਮਰੀ ਸਿੱਖਿਆ ਉੱਚੇ ਮੁਕਾਮਾਂ ਨੂੰ ਸਰ ਕਰੇਗੀ। ਉਹਨਾਂ ਸਕੂਲ ਮੁਖੀਆਂ ਨੂੰ ਵਿਭਾਗ ਦੀ ਹਰੇਕ ਵਿੱਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀ ਨੂੰ ਵੱਧ ਚੜ੍ਹ ਕੇ ਹੁਲਾਰਾ ਦੇਣ ਲਈ ਪ੍ਰੇਰਿਤ ਕੀਤਾ।
Attachments area
Total Responses : 188