ਦੇਸ਼ ਦੀ ਏਕਤਾ ਅਖੰਡਤਾ ਨੂੰ ਵੱਖ ਵੱਖ ਬੋਲੀਆਂ ਭਾਸ਼ਾਵਾਂ ਤੋਂ ਕੋਈ ਖਤਰਾ ਨਹੀਂ, ਖ਼ਤਰਾ ਬਹੁਗਿਣਤੀ ਅਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ: ਸੰਤ ਗਿਆਨੀ ਹਰਨਾਮ ਸਿੰਘ ਖਾਲਸਾ
ਅਮ੍ਰਿਤਸਰ 16 ਸਤੰਬਰ 2019: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 'ਇਕ ਰਾਸ਼ਟਰ ਇਕ ਭਾਸ਼ਾ' ਦੇ ਵਿਵਾਦਿਤ ਪ੍ਰਸਤਾਵ ਪ੍ਰਤੀ ਦੱਖਣੀ ਰਾਜਾਂ ਤੋਂ ਬਾਅਦ ਉਤਰੀ ਰਾਜਾਂ ਤੋਂ ਵੀ ਉਠ ਰਹੀਆਂ ਵਿਰੋਧੀ ਸੁਰਾਂ ਤੇਜ ਹੋ ਰਹੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਾਹ ਦੇ ਪ੍ਰਸਤਾਵ ਨੂੰ ਮੂਲੋਂ ਖਾਰਜ਼ ਕਰਦਿਆਂ ਇਕ ਵਿਸ਼ੇਸ਼ ਭਾਸ਼ਾ ਰਾਹੀਂ ਪੂਰੇ ਦੇਸ਼ ਨੂੰ ਜੋੜਨ ਪ੍ਰਤੀ ਦਿਤੇ ਗਏ ਹੋਕੇ ਲਈ ਉਸ ਦੀ ਬੌਧਿਕਤਾ 'ਤੇ ਵਿਅੰਗ ਕਸਿਆ ਅਤੇ ਇਸ ਨੂੰ 'ਨੀਮ ਹਕੀਮ ਖਤਰਾ ਏ ਹਿੰਦ' ਕਿਹਾ। ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਅਤੀਤ ਦੌਰਾਨ ਕਾਂਗਰਸ ਸਰਕਾਰਾਂ ਦੀਆਂ ਗਲਤ ਨੀਤੀਆਾਂਨੇ ਦੇਸ਼ ਨੂੰ ਦਿਸ਼ਾਹੀਨਤਾ ਵਲ ਧਕੇਲਿਆ ਅਤੇ ਪੰਜਾਬ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਦੁਖਾਂਤ ਹੰਢਾਉਣਾ ਪਿਆ। ਅਪਣੇ ਪ੍ਰਤੀਕਰਮ 'ਚ ਉਨ੍ਹਾਂ ਸ਼ਾਹ ਦੇ ਬਿਆਨ ਨੂੰ ਮੰਦਭਾਗਾ ਅਤੇ ਭਾਰਤੀ ਸੰਵਿਧਾਨ ਦੀ ਰੂਹ ਤੇ ਆਪਣੇ ਰੁਤਬੇ ਪ੍ਰਤੀ ਗੈਰਜਿੰਮੇਦਾਰੀ, ਗੁਮਰਾਕੁਨ, ਦੂਜੀਆਂ ਭਾਸ਼ਾਵਾਂ ਬੋਲੀਆਂ ਪ੍ਰਤੀ ਤ੍ਰਿਸਕਾਰ ਦੀ ਭਾਵਨਾ ਅਤੇ ਤੰਗ ਨਜ਼ਰੀਏ ਵਾਲੀ ਕਰਾਰ ਦਿੱਤਾ। ਉਨਾਂ ਕਿਹਾ ਕਿ ਭਾਰਤੀ ਸਮਾਜ ਬਹੁ ਸਭਿਆਚਾਰਕ ਅਤੇ ਬਹੁ ਭਾਸ਼ਾਈ ਹੈ। ਸੰਵਿਧਾਨ ਦੀ ਧਾਰਾ 29 ਮੁਤਾਬਿਕ ਸਾਰੀਆਂ ਭਾਸ਼ਾਵਾਂ ਬੋਲੀਆਂ ਦਾ ਸਤਕਾਰ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਉੱਤੇ ਇਕ ਵਿਸ਼ੇਸ਼ ਭਾਸ਼ਾ ਠੋਸਿਆ ਜਾਵੇਗਾ ਤਾਂ ਦੇਸ਼ ਚ ਬੇਚੈਨੀ ਅਤੇ ਅਵਿਸ਼ਵਾਸ ਵਾਲਾ ਮਾਹੌਲ ਬਣੇਗਾ। ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਵੱਖ ਵੱਖ ਬੋਲੀਆਂ ਭਾਸ਼ਾਵਾਂ ਤੋਂ ਨਹੀਂ ਸਗੋਂ ਬਹੁਗਿਣਤੀ ਅਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ ਹੈ। ਦੇਸ਼ ਨੂੰ ਖ਼ਤਰੇ ਵਾਲਾ ਹਊਆ ਖੜ੍ਹਾ ਕਰਨ ਵਾਲੀ ਸ਼ਾਹ ਦੀ ਪ੍ਰਵਿਰਤੀ ਦੇਸ਼ ਦੇ ਵੱਖ ਵੱਖ ਭਾਈਚਾਰਿਆਂ ਚ ਗਲਤ ਸੰਕੇਤ ਜਾਵੇਗਾ। ਉਨਾਂ ਕਿਹਾ ਕਿ ਸ਼ਾਹ ਨੂੰ ਦਿਸ਼ਾਹੀਣ ਨਾਅਰਾ ਦੇਣ ਦੀ ਥਾਂ ਸਾਰੀਆਂ ਭਾਸ਼ਾਵਾਂ ਦੀ ਪ੍ਰਫੁਲਿਤਾ ਅਤੇ ਹਿਤੈਸ਼ੀ ਵਿਵਸਥਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦਾ ਵਤੀਰਾ ਘੱਟ ਗਿਣਤੀਆਂ ਨੂੰ ਹਿਫਾਜ਼ਤ ਮੁਹਇਆ ਕਰਨ ਦੀ ਥਾਂ ਦੇਸ਼ ਨੂੰ ਤਾਨਾਸ਼ਾਹੀ ਢਾਂਚੇ ਦੀ ਸਥਾਪਨਾ ਵੱਲ ਲੈ ਜਾ ਸਕਦਾ ਹੈ।ਉਹਨਾਂ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪ੍ਰਤੀ ਸੁਚੇਤ ਤੇ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਅਤੇ ਗੁਰਮੁਖੀ ਲਿੱਪੀ ਸਾਡੇ ਜਿੰਦ ਜਾਨ, ਸਾਹ ਰਗ ਅਤੇ ਏਕਤਾ ਦਾ ਪ੍ਰਤੀਕ ਹਨ। ਜਿਨਾਂ ਸਦਕਾ ਸਮੂਹ ਪੰਜਾਬੀਆਂ ਨੇ ਸਿੱਖੀ ਦੇ ਝੰਡੇ ਹੇਠ ਬਾਹਰੋ ਆਈਆਂ ਧਾੜਵੀਂ ਦਾ ਮੁਕਾਬਲਾ ਕੀਤਾ ਅਤੇ ਹਿੰਦ ਨੂੰ ਬਚਾਉਣਾ ਕੀਤਾ। ਉਨ੍ਹਾਂ ਦੇਸ਼ ਲਈ ਸੰਘੀ ਢਾਂਚਾ ਲਾਗੂ ਕਰਨ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਥਾਂ ਦੇਸ਼ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸੰਵਿਧਾਨ ਦੀ ਰੂਹ ਮੁਤਾਬਿਕ ਸਹੀ ਅਰਥਾਂ 'ਚ ਦੇਸ਼ ਫੈਡਰਲ ਰਾਜ ਬਣਾਉਣ ਵਲ ਧਿਆਨ ਦੇਵੇ।