ਮੋਹਾਲੀ, 16 ਸਤੰਬਰ 2019: ਪੰਜਾਬ ਵਿਧਾਨ ਸਭਾ ਦੇ ਸਾਬਕਾ ਵਧੀਕ ਸਕੱਤਰ ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਨ ਸਭਾ ਦਫ਼ਤਰ ਦੇ ਇੰਚਾਰਜ ਭਗਵਾਨ ਸਿੰਘ ਢਿੱਲੋਂ ਦਾ ਸੋਮਵਾਰ ਨੂੰ ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ।
ਭਗਵਾਨ ਸਿੰਘ ਢਿੱਲੋਂ ਦਾ ਐਤਵਾਰ ਨੂੰ ਜਲੰਧਰ ਦੇ ਹਸਪਤਾਲ 'ਚ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ। ਭਗਵਾਨ ਸਿੰਘ ਢਿੱਲੋਂ ਦੇ ਸੰਸਕਾਰ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੋਰ ਕਮੇਟੀ ਮੈਂਬਰ ਗੈਰੀ ਵੜਿੰਗ, ਮਨਜੀਤ ਸਿੰਘ ਸਿੱਧੂ, ਯੂਥ ਆਗੂ ਅਮਨ ਸੋਹੀ ਅਤੇ ਵਿਧਾਨ ਸਭਾ ਦੇ ਅਧਿਕਾਰੀ ਕਰਮਚਾਰੀ ਅਤੇ ਭਾਰੀ ਗਿਣਤੀ 'ਚ ਰਿਸ਼ਤੇਦਾਰ ਅਤੇ ਕਰੀਬੀ ਪਹੁੰਚੇ।
ਢਿੱਲੋਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਤਿੰਦਰਪਾਲ ਸਿੰਘ ਢਿੱਲੋਂ ਨੇ ਦਿਖਾਈ। ਢਿੱਲੋਂ ਆਪਣੇ ਪਿੱਛੇ ਆਪਣੀ ਪਤਨੀ ਜਗਦੀਸ਼ ਕੌਰ ਬੇਟੀ ਰੁਪਿੰਦਰ ਕੌਰ ਅਤੇ ਨਵਦੀਪ ਕੌਰ ਛੱਡ ਗਏ ਹਨ।
ਚੀਮਾ ਅਤੇ ਸੰਧਵਾਂ ਨੇ ਭਗਵਾਨ ਸਿੰਘ ਢਿੱਲੋਂ ਦੇ ਚਲਾਣੇ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਢਿੱਲੋਂ ਦੇ ਜਾਣ ਦਾ ਨਾ ਕੇਵਲ ਪਰਿਵਾਰ ਬਲਕਿ ਆਮ ਆਦਮੀ ਪਾਰਟੀ ਖ਼ਾਸ ਕਰਕੇ ਵਿਧਾਇਕਾਂ ਨੂੰ ਨਿੱਜੀ ਘਾਟਾ ਪਿਆ ਹੈ।