ਮਿੱਤਰ ਸੈਨ ਸ਼ਰਮਾ
ਮਾਨਸਾ 17 ਸਤੰਬਰ 2019 - ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਖੇ ਇੱਕ ਜ਼ਮੀਨੀ ਸੌਦੇ ਦੌਰਾਨ ਧੋਖਾਧੜੀ ਕਰਨ ਦੋਸ਼ 'ਚ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਵੱਲੋਂ ਬੈਂਕ ਮੈਨੇਜ਼ਰ ਸਮੇਤ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਬਾਕੀਆਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ। ਇਸ ਬਾਰੇ ਜ਼ਿਲ੍ਹਾ ਪੁਲਿਸ ਮੁੱਖੀ ਡਾ: ਨਰਿੰਦਰ ਭਾਰਗਵ ਨੇ ਦੱਸਿਆ ਕਿ ਸੁਖਵਿੰਦਰ ਕੌਰ ਨੇ ਆਪਣੀ ਜ਼ਮੀਨ 1 ਕਨਾਲ 7 ਮਰਲੇ ਰਕਬਾ ਕੁਲਾਣਾ ਨੂੰ ਬੈਅ ਕਰਨ ਦਾ ਸੌਦਾ ਗਵਾਹਾਂ ਦੀ ਹਾਜ਼ਰੀ 'ਚ 1 ਲੱਖ ਰੁਪਏ 'ਚ ਕੁਲਦੀਪ ਸਿੰਘ ਨਾਲ ਕੀਤਾ ਸੀ ਅਤੇ 25 ਹਜ਼ਾਰ ਰੁਪਏ ਬਤੌਰ ਬਿਆਨਾਂ ਵਸੂਲ ਕਰਦਿਆਂ ਰਜਿਸਟਰੀ ਦੀ ਤਾਰੀਖ 30-12-2018 ਮੁਕੱਰਰ ਕੀਤੀ ਸੀ ਪਰ ਉਸ ਜ਼ਮੀਨ 'ਤੇ ਪੀ.ਏ.ਡੀ.ਬੀ. ਬੈਂਕ ਬੁਢਲਾਡਾ ਦਾ 35 ਹਜ਼ਾਰ ਰੁਪਏ ਦਾ ਲੋਨ ਖੜਾ ਹੋਣ ਕਰਕੇ ਜ਼ਮੀਨ ਮਾਲ ਮਹਿਕਮਾ ਪਾਸ ਆਡ-ਰਹਿਣ ਸੀ।
ਖ੍ਰੀਦਦਾਰ ਕੁਲਦੀਪ ਸਿੰਘ ਨੇ ਸੁਖਵਿੰਦਰ ਕੌਰ ਪਾਰਟੀ ਨੂੰ ਜ਼ਮੀਨ ਦਾ ਲੋਨ ਕਲੀਅਰ ਕਰਕੇ ਜਮੀਨ ਮਾਲ ਮਹਿਕਮਾ ਪਾਸੋਂ ਫੱਕ ਕਰਵਾ ਕੇ ਰਜਿਸਟਰੀ ਕਰਾਉਣ ਬਾਰੇ ਕਿਹਾ, ਜਿਸ 'ਤੇ ਸੁਖਪਾਲ ਕੌਰ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਆਡ ਰਹਿਣ ਜ਼ਮੀਨ ਦੀ ਕਲੀਅਰੈਂਸ ਪੀ.ਏ.ਡੀ.ਬੀ. ਬੈਂਕ ਬੁਢਲਾਡਾ ਪਾਸੋਂ ਹਾਸਲ ਕਰਨ ਦੀ ਬਜਾਏ, ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਮੈਨੇਜ਼ਰ ਨਾਲ ਮਿਲ ਕੇ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਕੇ ਮਾਲ ਵਿਭਾਗ ਤੋਂ ਗ਼ਲਤ ਫੱਕ ਕਰਵਾਈ ਅਤੇ ਇਸ ਜ਼ਮੀਨ ਦੀ ਰਜਿਸਟਰੀ ਕੁਲਦੀਪ ਸਿੰਘ ਦੀ ਬਜਾਏ, ਸੁਖਪਾਲ ਕੌਰ ਨੂੰ ਅੱਗੇ ਕਰਵਾ ਕੇ ਕੁਲਦੀਪ ਸਿੰਘ ਨਾਲ ਠੱਗੀ ਮਾਰੀ ਹੈ। ਜਿਸ 'ਤੇ ਪੀੜ੍ਹਤ ਕੁਲਦੀਪ ਸਿੰਘ ਦੀ ਸ਼ਿਕਾਇਤ 'ਤੇ ਸੁਖਵਿੰਦਰ ਕੌਰ (ਜ਼ਮੀਨ ਵੇਚਣ ਵਾਲੀ) ਵਾਸੀ ਪਿਊਰੀ ਥਾਣਾ ਗਿੱਦੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਨਾਜਰ ਸਿੰਘ ਨੰਬਰਦਾਰ ਪਿੰਡ ਕੁਲਾਣਾ, ਵਜੀਰ ਸਿਘ ਵਾਸੀ ਕੁਲਾਣਾ, ਸੁਖਪਾਲ ਕੌਰ ਵਾਸੀ ਕੁਲਾਣਾ, ਮਨੋਹਰ ਜਨੇਜਾ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਬੁਢਲਾਡਾ ਦੇ ਖਿਲਾਫ਼ ਧਾਰਾ 420,467,471,120-ਬੀ ਦੇ ਅਧੀਨ ਮਾਮਲਾ ਦਰਜ ਕਰਕੇ ਵਜ਼ੀਰ ਸਿੰਘ ਅਤੇ ਨਾਜਰ ਸਿੰਘ ਨੰਬਰਦਾਰ ਵਾਸੀਆਨ ਕੁਲਾਣਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਨਾਮਜ਼ਦ ਵਿਅਕਤੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।