ਐਸ ਏ ਐਸ ਨਗਰ, 17 ਸਤੰਬਰ 2019 - ਹਲਕਾ ਮੋਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਚੁਕੇ ਕਲਗੀਧਰ ਸੇਵਕ ਜਥਾ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਐਸ ਏ ਐਸ ਨਗਰ ਦੇ ਪ੍ਰਧਾਨ, ਅਤੇ ਨੌਜਵਾਨ ਸਿੱਖ ਆਗੂ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਹਿੰਦੀ ਦਿਵਸ ਮੌਕੇ ਕਰਵਾਏ ਗਏ ਸਮਾਗਮ ਮੌਕੇ ਕੁਝ ਵਿਅਕਤੀਆਂ ਵਲੋਂ ਪੰਜਾਬੀ ਭਾਸ਼ਾ ਦਾ ਨਿਰਾਦਰ ਕੀਤਾ ਜਾਣਾ ਮੰਦਭਾਗਾ ਅਤੇ ਦੁਖਦਾਈ ਹੈ।
ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਜੇ ਪੀ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਪਵਿੱਤਰ ਗੁਰਬਾਣੀ ਦੀ ਰਚਨਾ ਹੋਈ ਹੈ। ਅਜਿਹੀ ਮਹਾਨ ਭਾਸ਼ਾ ਨੂੰ ਕੁਝ ਲੋਕਾਂ ਵਲੋਂ ਹਿੰਦੀ ਦਿਵਸ ਮੌਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਸਮਾਗਮ ਮੌਕੇ ਗੰਵਾਰਾਂ ਦੀ ਭਾਸ਼ਾ ਅਤੇ ਗਾਲਾਂ ਦੀ ਭਾਸ਼ਾ ਕਹਿਣਾ ਬਹੁਤ ਮੰਦਭਾਗਾ ਅਤੇ ਦੁਖਦਾਈ ਹੈ।
ਭਾਈ ਜੇ ਪੀ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿੱਚ 22 ਭਾਸ਼ਾਵਾਂ ਦਰਜ ਕੀਤੀਆਂ ਗਈਆਂ ਹਨ ਅਤੇ ਉਹਨਾਂ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਦਰਜਾ ਹਾਸਿਲ ਹੈ, ਪੰਜਾਬੀ ਵੀ ਇਹਨਾਂ ਭਾਸ਼ਾਵਾਂ ਵਿਚੋਂ ਇਕ ਭਾਸ਼ਾ ਹੈ। ਇਸ ਤੋਂ ਇਲਾਵਾ ਕੈਨੇਡਾ, ਸਿੰਘਾਪੁਰ ਅਤੇ ਹੋਰ ਕਈ ਦੇਸ਼ਾਂ ਵਿੱਚ ਪੰਜਾਬੀ ਨੂੰ ਬਹੁਤ ਉਚਾ ਮਾਣ ਸਤਿਕਾਰ ਮਿਲਿਆ ਹੋਇਆ ਹੈ, ਵਿਦੇਸ਼ਾਂ ਵਿੱਚ ਤਾਂ ਹੁਣ ਅਨੇਕਾਂ ਦੁਕਾਨਾਂ ਦੇ ਬੋਰਡ, ਗਲੀਆਂ -ਰਸਤਿਆਂ ਦੇ ਨਾਮ ਅਤੇ ਏਅਰਪੋਰਟਾਂ ਉਪਰ ਵੀ ਪੰਜਾਬੀ ਵਿੱਚ ਲਿਖੇ ਹੋਏ ਮਿਲਦੇ ਹਨ , ਜਿਸ ਤੋਂ ਪਤਾ ਚਲਦਾ ਹੈ ਕਿ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਨੂੰ ਬਹੁਤ ਮਾਣ ਸਤਿਕਾਰ ਮਿਲ ਰਿਹਾ ਹੈ, ਪਰ ਸਾਡੇ ਆਪਣੇ ਪੰਜਾਬ ਸੂਬੇ ਅੰਦਰ ਹੀ ਕੁਝ ਵਿਅਕਤੀਆਂ ਵਲੋਂ ਪੰਜਾਬੀ ਭਾਸ਼ਾ ਦਾ ਨਿਰਾਦਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਮੰਦਭਾਗਾ ਹੈ।
ਭਾਈ ਜੇ ਪੀ ਸਿੰਘ ਨੇ ਕਿਹਾ ਕਿ ਕਿੰਨੀ ਦੁਖਦਾਇਕ ਗਲ ਹੈ ਕਿ ਕੁਝ ਦਿਨ ਪਹਿਲਾਂ ਇਕ ਪਾਸੇ ਹਿਮਾਚਲ ਪ੍ਰਦੇਸ਼ ਵਿਚ ਸਿੱਖ ਵਿਦਿਆਰਥੀਆਂ ਨੂੰ ਪੁਲਿਸ ਦੀ ਪ੍ਰੀਖਿਆ ਦੇਣ ਤੋਂ ਰੋਕ ਦਿਤਾ ਗਿਆ, ਇਹ ਮਾਮਲਾ ਅਜੇ ਠੰਡਾ ਵੀ ਨਹੀਂ ਸੀ ਪਿਆ ਕਿ ਹੁਣ ਪੰਜਾਬ ਅੰਦਰ ਹੀ ਕੁਝ ਵਿਅਕਤੀਆਂ ਵਲੋਂ ਪੰਜਾਬੀ ਭਾਸ਼ਾ ਦਾ ਨਿਰਾਦਰ ਕਰਨ ਦੀ ਦੁਖਦਾਇਕ ਘਟਨਾ ਵਾਪਰ ਗਈ।
ਭਾਈ ਜੇ ਪੀ ਸਿੰਘ ਨੇ ਕਿਹਾ ਕਿ ਪੰਜਾਬੀਆਂ ਤੋਂ ਹੁਣ ਰਾਜਧਾਨੀ ਚੰਡੀਗੜ੍ਹ ਅੰਦਰ ਜਾ ਕੇ ਆਪਣੇ ਦੁਖੜੇ ਫਰੋਲਣ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ, ਇਸੇ ਕਾਰਨ ਕਿਸਾਨਾਂ ਅਤੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਨੂੰ ਰੋਸ ਪ੍ਰਦਰਸ਼ਨ ਕਰਨ ਅਤੇ ਆਪਣੀਆਂ ਮੰਗਾਂ ਲਈ ਚੰਡੀਗੜ੍ਹ ਨੂੰ ਜਾਣ ਤੋਂ ਰਸਤੇ ਵਿਚ ਹੀ ਰੋਕ ਲਿਆ ਜਾਂਦਾ ਹੈ।
ਭਾਈ ਜੇ ਪੀ ਸਿੰਘ ਨੇ ਕਿਹਾ ਕਿ ਇਸ ਤਰਾਂ ਹਰ ਪਾਸੇ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਭਾਈ ਜੇ ਪੀ ਸਿੰਘ ਨੇ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਦਾ ਨਿਰਾਦਰ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਅਜਿਹੀ ਘਟਨਾਂ ਨਾ ਵਾਪਰ ਸਕੇ।
ਜਤਿੰਦਰਪਾਲ ਸਿੰਘ ਜੇ ਪੀ