ਹੈਲੇ, ਬੋਸ, ਸੇਂਟ ਗੋਬੇਨ, ਆਇਸ਼ਰ, ਟੈਫ਼ੇ, ਗਲੈਨਮਾਰਕ, ਜੀ ਐਨ ਏ, ਮੈਕਸ ਇੰਡੀਆ, ਹੀਰੋ ਜਿਹੀਆਂ ਵੱਡੀਆਂ 70 ਦੇ ਕਰੀਬ ਕੰਪਨੀਆਂ ਨੇ ਆਉਣ ਲਈ ਦਿੱਤੀ ਸਹਿਮਤੀ:
ਨਵਾਂਸ਼ਹਿਰ, 17 ਸਤੰਬਰ,2019: ਨਵਾਂਸ਼ਹਿਰ ਵਿਖੇ 19 ਸਤੰਬਰ ਨੂੰ ਆਈ ਟੀ ਆਈ ’ਚ ਸਵੇਰੇ 10 ਵਜੇ ਲਾਏ ਜਾ ਰਹੇ ਮੈਗਾ ਰੋਜ਼ਗਾਰ ਮੇਲੇ ’ਚ ਨੌਕਰੀ ਦੇ ਚਾਹਵਾਨ ਨੌਜੁਆਨਾਂ ਨੂੰ ਰੋਜ਼ਗਾਰ ਦੀ ਪੇਸ਼ਕਸ਼ ਕਰਨ ਨਿੱਜੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਜਿਵੇਂ ਕਿ ਹੈਲੇ, ਬੋਸ, ਸੇਂਟ ਗੋਬੇਨ, ਆਇਸ਼ਰ, ਟੈਫ਼ੇ, ਗਲੈਨਮਾਰਕ, ਜੀ ਐਨ ਏ, ਮੈਕਸ ਇੰਡੀਆ, ਸਵਰਾਜ ਮਾਜ਼ਦਾ, ਸਨ ਫ਼ਾਰਮਾ, ਹੀਰੋ, ਰੋਕਮੈਨ ਲੁਧਿਆਣਾ, ਮਾਈਕ੍ਰੋਟਰਨਰ ਸਮੇਤ 70 ਸਨਅਤੀ ਅਦਾਰੇ ਪੁੱਜ ਰਹੇ ਹਨ, ਜੋ ਕਿ ਨੌਜੁਆਨਾਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣਗੇ। ਇਸ ਰੋਜ਼ਗਾਰ ਮੇਲੇ ’ਚ ਵੱਡੀ ਗਿਣਤੀ ’ਚ ਕੰਪਨੀਆਂ ਦੀ ਆਮਦ ਦੇਖਦੇ ਹੋਏ 45 ਰਜਿਸਟ੍ਰੇਸ਼ਨ ਕਾਊਂਟਰ ਲਾਏ ਜਾਣਗੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਇੱਥੇ ਕਰਦਿਆਂ ਕਿਹਾ ਕਿ ਇਸ ਰੋਜ਼ਗਾਰ ਮੇਲੇ ’ਚ 10ਵੀਂ, 10+2, ਆਈ ਟੀ ਆਈ, ਡਿਪਲੋਮਾ, ਗਰੈਜੂਏਟ ਅਤੇ ਪੋਸਟ ਗਰੈਜੂਏਟ ਨੌਜੁਆਨਾਂ ਲਈ ਰੋਜ਼ਗਾਰ ਵਸੀਲੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲੇ ’ਚ ਪੁੱਜਣ ਲਈ ਟ੍ਰਾਂਸਪੋਰਟ ਸੁਵਿਧਾਵਾਂ ਲਈ 20 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਨਰਮੰਦਾਂ ਲਈ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੁੰਦੀ ਪਰੰਤੂ ਉਨ੍ਹਾਂ ਨੂੰ ਆਪਣੀ ਮੁਹਾਰਤ ਮੁਤਾਬਕ ਰੋਜ਼ਗਾਰ ਦਿਵਾਉਣ ’ਚ ਜ਼ਿਲ੍ਹਾ ਪ੍ਰਸ਼ਾਸਨ ਸੰਯੋਜਕ ਦੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਛੱਤ ਥੱਲੇ ਏਨੀਆਂ ਨਾਮੀਂ ਕੰਪਨੀਆਂ ਦਾ ਆਉਣਾ, ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜੁਆਨਾਂ ਲਈ ਰੋਜ਼ਗਾਰ ਹਾਸਲ ਕਰਨ ਦਾ ਬੇਹਤਰੀਨ ਮੌਕਾ ਹੈ ਅਤੇ ਉਨ੍ਹਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨੌਕਰੀਆਂ ਦੇ ਨਾਲ-ਨਾਲ ਬੈਂਕਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਸਵੈ-ਰੋਜ਼ਗਾਰ ਸਕੀਮਾਂ ਤਹਿਤ ਵੀ ਰੋਜ਼ਗਾਰ ਦੇ ਵਸੀਲੇ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਜਿਹੜੀਆਂ ਕੰਪਨੀਆਂ ਨੂੰ ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਦੀ ਲੋੜ ਹੁੰਦੀ ਸੀ, ਉਨ੍ਹਾਂ ਨੂੰ ਲੋੜੀਂਦੇ ਉਮੀਦਵਾਰ ਲੱਭਣ ਵਿੱਚ ਦਿੱਕਤ ਆਉਂਦੀ ਸੀ ਅਤੇ ਨੌਕਰੀਆਂ ਦੀ ਭਾਲ ਕਰ ਰਹੇ ਉਮੀਦਵਾਰਾਂ ਨੂੰ ਕੰਪਨੀਆਂ ਤੱਕ ਪਹੁੰਚ ਕਰਨੀ ਮੁਸ਼ਕਲ ਹੁੰਦੀ ਸੀ ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਤੇ ਕਾਰੋਬਾਰ ਬਿੳੂਰੋ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਜ਼ਰੀਏ ਕੰਪਨੀਆਂ ਅਤੇ ਉਮੀਦਵਾਰਾਂ ਨੂੰ ਇੱਕ ਮੰਚ ’ਤੇ ਇੱਕਠਾ ਕੀਤਾ ਗਿਆ ਹੈ।
ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਜ਼ਗਾਰ ਮੇਲੇ ਦੌਰਾਨ ਉਪਲਬਧ 7000 ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੌਕਿਆਂ ਲਈ ਆਪਣੀ ਯੋਗਤਾ ਮੁਤਾਬਕ ਇੰਟਰਵਿਊ ਲਈ ਪੂਰੀ ਤਿਆਰੀ ਅਤੇ ਸਵੈ-ਵਿਸ਼ਵਾਸ਼ ਨਾਲ ਆਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਥਾਂ ਰੋਜ਼ਗਾਰ ਪ੍ਰਾਪਤੀ ਲਈ ਸਵੈ-ਵਿਸ਼ਵਾਸ਼ ਹੋਣਾ ਅਤੇ ਸਾਹਮਣੇ ਵਾਲੇ ਦਾ ਭਰੋਸਾ ਜਿੱਤਣਾ ਲਾਜ਼ਮੀ ਹੈ।