ਚੰਡੀਗੜ੍ਹ 17 ਸਤੰਬਰ 2019: ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਅਤੇ ਪ੍ਰਸਿੱਧ ਖੇਤੀ ਵਿਗਿਆਨੀ ਡਾ. ਖੇਮ ਸਿੰਘ ਗਿੱਲ ਸਾਬਕਾ ਉਪ ਕੁਲਪਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅੱਜ ਤੜਕਸਾਰ ਅਕਾਲ ਚਲਾਣਾ ਕਰ ਗਏ, ਉਹ ੮੯ ਸਾਲ ਦੇ ਸਨ। ਜਾਣਕਾਰੀ ਦਿੰਦਿਆਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਅਤੇ ਭਾਈ ਰਵਿੰਦਰਪਾਲ ਸਿੰਘ ਕੋਹਲੀ (ਰੂਬੀ ਵੀਰ ਜੀ) ਨੇ ਦੱਸਿਆ ਕਿ ਡਾ. ਖੇਮ ਸਿੰਘ ਗਿੱਲ ਜਿੱਥੇ ਪੰਜਾਬ ਵਿੱਚ 'ਹਰੀ ਕ੍ਰਾਂਤੀ' ਲਿਆਉਣ 'ਚ ਕਾਮਯਾਬ ਹੋਏ, ਓਥੇ ਨਾਲ ਹੀ ਵੀਹਵੀ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆ ਅਤੇ ਸੰਤ ਬਾਬਾ ਤੇਜਾ ਸਿੰਘ ਜੀ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਉਨ੍ਹਾਂ ਮਨੁੱਖਤਾ ਦੀ ਭਲਾਈ ਲਈ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ 'ਚ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਪੂਰਨ ਸਹਿਯੋਗ ਦੇ ਕੇ ਆਪਣਾ ਸਾਰਾ ਜੀਵਨ ਹੀ ਸੇਵਾ ਅਤੇ ਪਰਉਪਕਾਰ ਦੇ ਲੇਖੇ ਲਗਾ ਦਿੱਤਾ। ਬਾਬਾ ਇਕਬਾਲ ਸਿੰਘ ਜੀ ਦੁਆਰਾ ਪਰਉਪਕਾਰ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਮਹਾਨ ਕਾਰਜ਼ਾਂ ਵਿਚ ਡਾ. ਖੇਮ ਸਿੰਘ ਜੀ ਵੱਲੋਂ ਹਰ ਸਮੇਂ ਦਿੱਤੇ ਗਏ ਪੂਰਨ ਸਹਿਯੋਗ ਦੇ ਕਾਰਨ ਹੀ, ਬਾਬਾ ਇਕਬਾਲ ਸਿੰਘ ਜੀ ਉਨ੍ਹਾਂ ਨੂੰ ਆਪਣਾ 'ਗੁਰ-ਭਾਈ' ਕਿਹਾ ਕਰਦੇ ਸਨ, ਭਾਵ ਉਹ ਸਖਸ਼ (ਭਰਾ) ਜੋ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਿਚ ਉਨ੍ਹਾਂ ਦਾ ਸਹਾਈ ਹੋਇਆ। ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਵੀ ਕਲਗੀਧਰ ਟ੍ਰਸਟ ਦੇ ਕਈ ਕਾਰਜ਼ਾਂ ਵਿਚ ਮਹੱਤਵਪੂਰਨ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ ਤੇ ਉਨ੍ਹਾਂ ਦੇ ਜਾਣ ਨਾਲ ਟ੍ਰਸਟ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ-ਬੇਨਤੀ ਕਰਦੇ ਹਾਂ ਕਿ ਅਕਾਲ ਪੁਰਖ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਉਨ੍ਹਾਂ ਦੇ ਪਰਿਵਾਰ ਤੇ ਕਲਗੀਧਰ ਟ੍ਰਸਟ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ੧੯ ਸਤੰਬਰ, ਦਿਨ ਵੀਰਵਾਰ ਨੂੰ ਸਵੇਰੇ ੧੧ ਵਜੇ ਸ਼ਮਸ਼ਾਨ ਘਾਟ, ਜੀ.ਡੀ. ਆਰੀਆ ਕਾਲਜ ਦੇ ਪਿੱਛੇ, ਸਿਵਲ ਲਾਈਨ ਲੁਧਿਆਣਾ ਵਿਖੇ ਕੀਤਾ ਜਾਵੇਗਾ, ਜਿੱਥੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ।