ਦਮਦਮੀ ਟਕਸਾਲ ਦੇ ਅਤੀਤ ਅਤੇ ਯੋਗਦਾਨ ਪ੍ਰਤੀ ਹੋਣਗੀਆਂ ਵਿਚਾਰਾਂ : ਬਾਬਾ ਹਰਨਾਮ ਸਿੰਘ ਖਾਲਸਾ
ਪਟਿਆਲਾ 17 ਸਤੰਬਰ 2019: ਦਮਦਮੀ ਟਕਸਾਲ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ 18 ਸਤੰਬਰ 2019, ਦਿਨ ਬੁੱਧਵਾਰ ਨੂੰ ਹਰਪਾਲ ਟਿਵਾਣਾ ਆਡੀਟੋਰੀਅਮ ਪਟਿਆਲਾ ਵਿਖੇ 'ਦਮਦਮੀ ਟਕਸਾਲ ਦਾ ਅਤੀਤ ਅਤੇ ਯੋਗਦਾਨ' ਵਿਸ਼ੇ 'ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਪ੍ਰੋ: ਸਰਚਾਂਦ ਸਿੰਘ ਖਿਆਲਾ ਵਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ 23-24-25 ਅਕਤੂਬਰ 2019 ਨੂੰ ਬਹੁਤ ਵੱਡੀ ਪੱਧਰ 'ਤੇ ਮਨਾਈ ਜਾ ਰਹੀ ਹੈ। ਇਸੇ ਪ੍ਰਸੰਗ ਵਿਚ ਦਮਦਮੀ ਟਕਸਾਲ ਦੇ ਇਤਿਹਾਸਕ ਯੋਗਦਾਨ ਨਾਲ ਸੰਬੰਧਿਤ ਅੰਤਰਰਾਸ਼ਟਰੀ ਸੈਮੀਨਾਰਾਂ ਦੀ ਲੜੀ ਵਜੋਂ ਇਹ ਤੀਜਾ ਸੈਮੀਨਾਰ ਹੋਵੇਗਾ। ਜੋ ਕਿ 11 ਤੋਂ ਦੁਪਹਿਰ 2 ਵਜੇ ਤੱਕ ਚਲੇਗਾ। ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁਕੀਆਂ ਹਨ। ਇਹ ਸੈਮੀਨਾਰ ਦਮਦਮੀ ਟਕਸਾਲ ਦੇ ਅਠਵੇਂ ਮੁਖੀ ਸੰਤ ਗਿਆਨੀ ਭਗਵਾਨ ਸਿੰਘ ਜੀ, ਨੌਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਅਤੇ ਦਸਵੇਂ ਮੁਖੀ ਸੰਤ ਗਿਆਨੀ ਬਿਸ਼ਨ ਸਿੰਘ ਜੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਧਾਨਗੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਕਰਨਗੇ। ਮੁਖ ਮਹਿਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਕਾਰਸੇਵਾ ਗੁ: ਦੂਖ ਨਿਵਾਰਨ ਸਾਹਿਬ ਪਟਿਆਲਾ, ਅਤੇ ਗਿਆਨੀ ਪ੍ਰਨਾਮ ਸਿੰਘ ਜੀ ਹੋਣਗੇ। ਦਮਦਮੀ ਟਕਸਾਲ ਦੇ ਮੁਖੀ ਨੇ ਸੰਗਤ ਨੂੰ ਸਮੇਂ ਸਿਰ ਸੈਮੀਨਾਰ ਸਥਾਨ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ।