ਚੰਡੀਗੜ੍ਹ, 17 ਸਤੰਬਰ 2019 - ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਸਾਰੇ ਦੇਸ਼ ਵਿੱਚ ਇਕ ਭਾਸ਼ਾਈ ਫਾਰਮੂਲਾ ਠੋਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਰਐਸਐਸ ਵੱਲੋਂ ਖੇਤਰੀ ਭਾਸ਼ਾਵਾਂ ਨੂੰ ਕੁਚਲਣ ਦੀ ਸਾਜਿਸ਼ ਹੈ। ਇਸੇ ਤਰ੍ਹਾਂ ਆਰਐਸਐਸ ਇਸ ਦੇ ਜਰੀਏ ਆਪਣੀ ਸੋਚ ਨੂੰ ਲੋਕਾਂ ਉੱਤੇ ਥੋਪਣ ਦੀ ਫਿਰਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਬਹੁਭਾਸ਼ਾਈ ਲੋਕਾਂ ਦਾ ਦੇਸ਼ ਹੈ ਤੇ ਹਰੇਕ ਖਿੱਤੇ ਦੀ ਭਾਸ਼ਾ ਦਾ ਮਹੱਤਵ ਬਰਕਰਾਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਭਾਸ਼ਾ ਦਾ ਫਾਰਮੂਲਾ ਕਿਸੇ ਉੱਤੇ ਜਬਰੀ ਨਹੀਂ ਥੋਪਿਆ ਜਾ ਸਕਦਾ। ਕਾਮਰੇਡ ਸੇਖੋਂ ਨੇ ਕਿਹਾ ਕਿ ਕਿ ਜੇ ਅਜਿਹਾ ਫ਼ੈਸਲਾ ਕਿਸੇ ਉੱਤੇ ਜਬਰੀ ਥੋਪਿਆ ਜਾਂਦਾ ਹੈ ਤਾਂ ਉਹ ਦੇਸ਼ ਤੇ ਸਮਾਜ ਦੇ ਹਿੱਤ ਵਿੱਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਨੂੰ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਲੋਕ ਕਿਸੇ ਹਾਲਤ ਵਿੱਚ ਵੀ ਸਹਿਣ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਦੇਸ਼ ਦੇ ਏਕਤਾ ਦੇ ਸਿਧਾਂਤ ਦੇ ਵੀ ਵਿਰੁੱਧ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਪਛਾਣ ਉਸ ਦੀ ਭਾਸ਼ਾ ਹੁੰਦੀ ਹੈ ਤੇ ਇਸ ਨੂੰ ਕਾਇਮ ਰੱਖਣਾ ਸੂਬੇ ਦੇ ਲੋਕਾਂ ਦਾ ਜਨਮ ਸਿੱਧ ਅਧਿਕਾਰ ਹੈ। ਲੋਕਾਂ ਨੂੰ ਇਸ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।
ਕਾਮਰੇਡ ਸੇਖੋਂ ਨੇ ਕਿਹਾ ਕਿ ਦੇਸ਼ ਦੇ ਬਹੁਤ ਸੂਬੇ ਅਜਿਹੇ ਹਨ ਹਨ, ਜਿਥੇ ਲੋਕ ਆਪਣੀ ਮਾਤ ਭਾਸ਼ਾ ਤੋਂ ਸਿਵਾਏ ਕੋਈ ਹੋਰ ਭਾਸ਼ਾ ਜਾਣਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ਅਜਿਹਾ ਫ਼ੈਸਲਾ ਵਿਦਿਆ ਨੂੰ ਵੀ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿ ਆਰਐਸਐਸ ਵੱਲੋਂ ਹਿੰਦੂਤਵ ਦੇ ਏਜੰਡੇ ਨੂੰ ਉਭਾਰਨ ਲਈ ਨਿੱਤ ਅਜਿਹੀਆਂ ਸਿੰਗੜੀਆਂ ਛੇੜੀਆਂ ਜਾ ਰਹੀਆਂ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਰਐਸਐਸ ਦੀ ਥਿਊਰੀ ਉੱਤੇ ਚੱਲਦੇ ਹੋਇਆ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ ਜੋਕਿ ਦੇਸ਼ ਤੇ ਸਮਾਜ ਲਈ ਘਾਤਕ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਵਿਦਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ ਤੇ ਦੇਸ਼ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਵਿੱਚ ਆਰਐਸਐਸ ਦੇ ਬੰਦਿਆਂ ਨੂੰ ਫਿੱਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮੋਦੀ ਸਰਕਾਰ ਨੇ ਸੀਬੀਆਈ, ਆਰਬੀਆਈ, ਸੁਪਰੀਮ ਕੋਰਟ ਤੇ ਫੌਜ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਕੇ ਇਨ੍ਹਾਂ ਸੰਵਿਧਾਨਕ ਸੰਸਥਾਵਾਂ ਦੇ ਅਕਸ ਨੂੰ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਉੱਤੇ ਕਾਬਜ਼ ਹੋਣ ਲਈ ਲੋਕਾਂ ਨਾਲ ਢੇਰ ਸਾਰੇ ਵਾਅਦੇ ਕੀਤੇ ਸਨ, ਪਰ ਕਿਸੇ ਵਰਗ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।
ਕਾਮਰੇਡ ਸੇਖੋਂ ਨੇ ਕਿਹਾ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਦੇਸ਼ ਨੂੰ ਆਰਥਿਕ ਮੰਦੀ ਦੀ ਦਲਦਲ ਵਿੱਚ ਫਸਾ ਦਿੱਤਾ ਹੈ। ਹਾਲਾਤ ਇਹ ਹਨ ਕਿ ਬੇਰੋਜ਼ਗਾਰਾਂ ਦੀ ਗਿਣਤੀ ਵੱਧ ਰਹੀ ਹੈ ਤੇ ਆਰਥਿਕ ਮੰਦੀ ਕਾਰਨ ਲੋਕਾਂ ਦੀਆਂ ਨੌਕਰੀਆਂ ਖੁੱਸ ਰਹੀਆਂ ਹਨ। ਇਸੇ ਤਰ੍ਹਾਂ ਛੋਟੇ ਕਾਰੋਬਾਰੀਆਂ ਦੇ ਕਾਰੋਬਾਰ ਤਬਾਹ ਗਏ ਹਨ।
ਕਾਮਰੇਡ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਨਿਸ਼ਾਨਾ ਦੇਸ਼ ਦਾ ਵਿਕਾਸ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਤੇ ਮਹਿਲਾਵਾਂ ਉੱਤੇ ਹਮਲੇ ਹੋ ਰਹੇ ਹਨ ਤੇ ਫਿਰਕੂ ਭੀੜਾਂ ਵੱਲੋਂ ਮਾਸੂਮ ਲੋਕਾਂ ਨੂੰ ਕੁੱਟਿਆ ਜਾ ਰਿਹਾ ਤੇ ਉਨ੍ਹਾਂ ਦੇ ਕਤਲ ਤੱਕ ਕੀਤੇ ਜਾ ਰਹੇ ਹਨ। ਕਾਮਰੇਡ ਸੇਖੋਂ ਨੇ ਕਿਹਾ ਸੀਪੀਆਈ (ਐਮ) ਦੇਸ਼ ਵਿੱਚ ਇਕ ਭਾਸ਼ਾਈ ਫਾਰਮੂਲੇ ਦੇ ਫ਼ੈਸਲੇ ਨੂੰ ਕਿਸੇ ਹਾਲਤ ਵਿੱਚ ਵੀ ਲਾਗੂ ਨਹੀਂ ਹੋਣ ਦੇਵੇਗੀ ਤੇ ਇਸ ਦੇ ਵਿਰੁੱਧ ਤਿਖਾ ਸੰਘਰਸ਼ ਕੀਤਾ ਜਾਵੇਗਾ।