ਸ੍ਰੀਮਤੀ ਟੀਨਾ ਸੋਢੀ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਅਸ਼ੀਰਵਾਦ ਦਿੰਦੇ ਹੋਏ ਬਾਬਾ ਹਰਮੇਸ਼ ਦਾਸ , ਮੌਜੂਦ ਹਨ ਨਸੀਬ ਸਿੰਘ ਸੰਧੂ , ਭੀਮ ਕੰਬੋਜ ਸਰਪੰਚ,ਉੱਪ ਚੇਅਰਮੈਨ ਯੂਥ ਡਿਵੈਲਮੈਂਟ ਬੋਰਡ ਐਡਵੋਕੇਟ ਵਿਕਰਮ ਕੰਬੋਜ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 18 ਸਤੰਬਰ : ਉੱਤਰੀ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨ ਡੇਰਾ ਬਾਬਾ ਰਾਮ ਥੰਮਣ ਪਿੰਡ ਬਾਜੇ ਕੇ ਵਿਖੇ ਸਲਾਨਾ ਜੋੜ ਮੇਲਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।
ਸੂਫੀਆਨਾ ਗਾਇਕ ਕੰਵਰ ਸੰਧੂ ਕਲਾਮ ਪੇਸ਼ ਕਰਦੇ ਹੋਏ ਤਸਵੀਰ : ਜਗਦੀਸ਼
------------------------------------------------------------------
ਵਰਣਨਯੋਗ ਹੈ ਕਿ ਸਿੱਖ ਪੰਥ ਦੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਸੇਰ ਭਰਾ ਬਾਵਾ ਰਾਮ ਥੰਮਣ ਜੀ ਮਹਾਨ ਤਪੱਸਵੀ ਸੰਤ ਹੋਏ ਹਨ ।
ਪਿੰਡ ਰਾਮ ਥੰਮਣ ਜ਼ਿਲ੍ਹਾ ਕਸੂਰ ( ਹੁਣ ਪਾਕਿਸਤਾਨ ) ਅੰਦਰ ਡੇਰਾ ਬਾਬਾ ਰਾਮ ਥੰਮਣ ਸਥਾਪਤ ਹੋਇਆ ਸੀ , ਜਿੱਥੇ ਵਿਸਾਖੀ ਦੇ ਮੇਲੇ ਤੋਂ ਇਲਾਵਾ ਹੋਰ ਵੀ ਧਾਰਮਿਕ ਸਮਾਗਮ ਹੋਇਆ ਕਰਦੇ ਸਨ ।
ਦੇਸ਼ ਦੀ ਵੰਡ ਤੋਂ ਬਾਅਦ ਡੇਰਾ ਬਾਬਾ ਰਾਮ ਥੰਮਣ ਪਿੰਡ ਬਾਜੇ ਕੇ ਹਲਕਾ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਥਾਪਤ ਹੋਇਆ ।
ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਮੇਸ਼ ਦਾਸ ਗੱਦੀ ਨਸ਼ੀਨ ਹਨ ।
ਸਾਲਾਨਾ ਜੋੜ ਮੇਲੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਚੱਲੀ ਲੜੀ ਦੇ ਭੋਗ ਉਪਰੰਤ ਰਾਗੀ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ।
ਗੱਦੀ ਨਸ਼ੀਨ ਸੰਤ ਬਾਬਾ ਹਰਮੇਸ਼ ਦਾਸ ਨੇ ਆਪਣੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ ।
ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੀ ਧਰਮ ਪਤਨੀ ਸ਼੍ਰੀਮਤੀ ਟੀਨਾ ਸੋਢੀ ਇਸ ਸਥਾਨ ਉੱਪਰ ਨਤਮਸਤਕ ਹੋਏ ।
ਉਹਨਾਂ ਦੇ ਨਾਲ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਅਤੇ ਯੂਥ ਕਾਂਗਰਸ ਆਗੂ ਨਸੀਬ ਸਿੰਘ ਸੰਧੂ ਨੇ ਵੀ ਪੁੱਜ ਕੇ ਅਸ਼ੀਰਵਾਦ ਪ੍ਰਾਪਤ ਕੀਤਾ ।
ਸੂਫ਼ੀਆਨਾ ਗਾਇਕੀ ਦੇ ਗਾਇਕ ਕੰਵਰ ਸੰਧੂ ਨੇ ਪੁੱਜ ਨੇ ਆਪਣੇ ਕਲਾ ਦਾ ਮੁਜ਼ਾਹਰਾ ਕਰਦਿਆਂ ਗੁਰੂ ਘਰ ਦਾ ਜੱਸ ਅਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੀਆਂ ਕਿਰਤਾਂ ਦੀ ਪੇਸ਼ਕਾਰੀ ਕੀਤੀ ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਦੇਸ਼ - ਵਿਦੇਸ਼ ਤੋਂ ਪੁੱਜੇ । ਗੁਰੂ ਦਾ ਲੰਗਰ ਅਤੁੱਟ ਵਰਤਿਆ ।