ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 17 ਸਤੰਬਰ 2019 - ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਲੰਘੇ ਮਹੀਨੇ ਬਟਾਲਾ 'ਚ ਹੋਏ ਫੈਕਟਰੀ ਧਮਾਕੇ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਦੀ ਡੀ.ਸੀ ਗੁਰਦਾਸਪੁਰ ਨਾਲ ਏਸ ਹੱਦ ਤੱਕ ਸ਼ਬਦੀ ਤਕਰਾਰ ਵਧ ਗਈ ਸੀ ਕਿ ਪੰਜਾਬ ਮੁੱਖ ਮੰਤਰੀ ਨੂੰ ਖੁਦ ਇਸ ਮਸਲੇ 'ਚ ਗੰਭੀਰਤਾ ਨਾਲ ਦੇਖਣਾ ਪਿਆ। ਬਟਾਲਾ ਪੁਲਿਸ ਨੇ 7 ਸਤੰਬਰ ਨੂੰ ਬੈਂਸ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 186, 353, 451, 147, 177, 505 ਅਤੇ 506 ਤਹਿਤ ਐਫਆਈਆਰ ਦਰਜ ਕੀਤੀ ਸੀ।
ਪਿਛਲੇ ਦਿਨੀਂ ਬੈਂਸ ਵੱਲੋਂ ਪਾਈ ਅਗਾਊਂ ਜ਼ਮਾਨਤ ਦੀ ਅਰਜ਼ੀ ਗੁਰਦਾਸਪੁਰ ਸੈਸ਼ਨ ਜੱਜ ਵੱਲੋਂ ਰੱਦ ਕਰ ਦਿੱਤੀ ਗਈ ਸੀ। ਉਸੇ ਜੱਜਮੈਂਟ ਦੀ ਕਾਪੀ 'ਚ ਬੈਂਸ ਵੱਲੋਂ ਵੱਖ ਵੱਖ ਸਮੇਂ 'ਤੇ ਸਰਕਾਰੀ ਅਧਿਕਾਰੀਆਂ/ ਅਫਸਰਾਂ ਨਾਲ ਕੀਤੀ ਬਦਸਲੂਕੀ ਦੇ ਵੇਰਵੇ ਵੀ ਦਿੱਤੇ ਗਏ ਨੇ ਤੇ ਇਹ ਵੀ ਕਿਹਾ ਗਿਆ ਕਿ ਲੋਕਾਂ ਦੇ ਨੁਮਾਇੰਦੇ ਨੂੰ ਕੋਈ ਹੱਕ ਨਹੀਂ ਕਿ ਉਹ ਸਰਕਾਰੀ ਕਰਮੀਆਂ ਦੇ ਕੰਮਕਾਜ 'ਚ ਆਪਣੀ ਮਨਮਰਜ਼ੀ ਕਰਦੇ ਹੋਏ ਵੀਡੀੳ ਵਗੈਰਾ ਰਿਕਾਰਡ ਕਰਨ। ਜੱਜਮੈਂਟ 'ਚ ਕਿਹਾ ਗਿਆ ਕਿ ਬੈਂਸ ਨੇ ਕਈ ਵਾਰ ਅਨੁਸ਼ਾਸਨ ਭੰਗ ਕੀਤਾ ਹੈ ਤੇ ਆਪਣੇ ਸੁਭਾਅ ਨੂੰ ਮੁੜ ਕੇ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਕਰਕੇ ਸਿਮਰਜੀਤ ਬੈਂਸ ਦੀ ਪ੍ਰੀ-ਅਰੈੱਸਟ ਬੇਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ।
ਹਾਲਾਂਕਿ ਬੈਂਸ ਆਪਣੀ ਬੇਲ ਪਲੀਅ ਰੱਦ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ। ਪਰ ਫਿਲਹਾਲ ਗੁਰਦਾਸਪੁਰ ਸੈਸ਼ਨ ਜੱਜ ਦੁਆਰਾ ਸੁਣਾਈ ਜੱਜਮੈਂਟ ਤੋਂ ਇਹ ਅਸਾਰ ਲੱਗ ਰਹੇ ਨੇ ਕਿ ਬੈਂਸ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਬੈਂਸ ਦੀ ਬੇਲ ਪਲੀਅ ਰੱਦ ਹੋਣ ਵਾਲੀ ਜੱਜਮੈਂਟ ਦੀ ਪੂਰੀ ਕਾਪੀ ਹੇਠ ਪੜ੍ਹੋ :-
https://drive.google.com/open?id=1uoW-eH-0F6huKtzFfXznsv3x-RDt8f37