ਗਿਆਨ ਸਿੰਘ
ਮੋਗਾ 18 ਸਤੰਬਰ 2019 - ਨੇਚਰ ਪਾਰਕ ਵਿਖੇ ਸਮੂਹ ਪੰਜਾਬੀ ਪ੍ਰੇਮੀਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ,ਜਿਸ ਦਾ ਮੁੱਖ ਮਕਸਦ ਹੁਕਮ ਚੰਦ ਵੱਲੋਂ ਪੰਜਾਬੀ ਭਾਸ਼ਾ ਪ੍ਰੇਮੀਆਂ ਨੂੰ ਅਗਲੇ ਦੋ ਸਾਲਾਂ ਵਿੱਚ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਦਿਸ਼ਾ ਵਿਗਾੜ ਦੇਣ ਦੀ ਦਿੱਤੀ ਗਈ ਧਮਕੀ ਅਤੇ ਡਾ ਤੇਜਵੰਤ ਮਾਨ ਨਾਲ ਸਟੇਜ ਉਪਰ ਕੀਤੀ ਗਈ ਬਦਸਲੂਕੀ ਦੀ ਕਰੜੀ ਨਿੰਦਾ ਕੀਤੀ ਗਈ। ਇਸ ਮੀਟਿੰਗ ਵਿੱਚ ਉਘੇ ਪੰਜਾਬੀ ਕਵੀ ਅਮਰ ਸੂਫੀ, ਸੁਖਵਿੰਦਰ ਅਜਾਦ, ਮਹਿੰਦਰ ਪਾਲ ਲੂੰਬਾ, ਡਾ ਸੀਮਾ ਭਾਟੀਆ, ਲੇਖਿਕਾ ਬੇਅੰਤ ਕੌਰ ਗਿੱਲ, ਹਰਜਿੰਦਰ ਸਿੰਘ ਰੋਡੇ, ਰਣਜੀਤ ਸਰਾਂਵਾਲੀ, ਸੋਨੀਆ, ਇਕਬਾਲ ਸਿੰਘ ਕੋਮਲ ਅਤੇ ਮਾਸਟਰ ਜਸਵੀਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਉਕਤ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਉਪਰ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਵਿਰੋਧੀਆਂ ਨੂੰ ਸਖਤ ਜਵਾਬ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਇਸ ਲੜਾਈ ਵਿੱਚ ਹਰ ਪੰਜਾਬੀ ਨੂੰ ਜਾਤਾਂ, ਧਰਮਾਂ ਤੋਂ ਉਪਰ ਉੱਠ ਕੇ ਸਾਥ ਦੇਣਾ ਚਾਹੀਦਾ ਹੈ। ਮੀਟਿੰਗ ਉਪਰੰਤ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀ ਭਾਸ਼ਾ ਉਪਰ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਸਰਕਾਰ ਨੂੰ ਚੇਤਾਵਨੀ ਦੇਣ ਲਈ ਸ਼ੁਕਰਵਾਰ ਸ਼ਾਮ 3 ਵਜੇ ਡੀ ਸੀ ਮੋਗਾ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਭਾਰਤ ਨੂੰ ਇੱਕ ਪੱਤਰ ਭੇਜਿਆ ਜਾਵੇਗਾ, ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਭਵਿੱਖੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਸੁਖਦੇਵ ਸਿੰਘ ਬਰਾੜ, ਕੁਲਵੰਤ ਸਿੰਘ, ਮਾ ਰਵਿੰਦਰਪਾਲ ਸਿੰਘ, ਨੀਰੂ ਸੂਦ, ਲਵਲੀਨ ਸੂਦ, ਸੁਖਵਿੰਦਰ ਸਿੰਘ ਗ੍ਰੰਥੀ, ਇਕਬਾਲ ਸਿੰਘ ਆਦਿ ਵੀ ਹਾਜਰ ਸਨ।