ਚੰਡੀਗੜ੍ਹ, 19 ਸਤੰਬਰ 2019 - ਔਰਤਾਂ ਉੱਤੇ ਦਾਜ-ਦਹੇਜ ਲਈ ਕੁੱਟਮਾਰ ਜਾਂ ਬਦਸਲੂਕੀ ਸਾਡੇ ਸਮਾਜ ਵਿੱਚ ਇੱਕ ਕੋੜ ਦੀ ਤਰ੍ਹਾਂ ਫੈਲੀ ਹੋਈ ਹੈ। ਔਰਤ ਭਾਵੇ ਪੜੀ-ਲਿਖੀ ਹੋਵੇ ਜਾਂ ਅਨਪੜ੍ਹ ਇਸ ਕੁਰੀਤੀ ਨੇ ਕਿਸੇ ਨੂੰ ਵੀ ਅਛੂਤਾ ਨਹੀਂ ਛੱਡਿਆ ਹੈ। ਮਾਂ-ਬਾਪ ਬੇਟੀਆਂ ਨੂੰ ਭੜਾਉਂਦੇ-ਲਿਖਾਉਂਦੇ ਹਨ ਤਾਂ ਜੋ ਉਹ ਜ਼ਿੰਦਗੀ ਵਿੱਚ ਬਿਹਤਰ ਭਵਿੱਖ ਅਤੇ ਜੀਵਨਸਾਥੀ ਪਾ ਸਕਣ, ਪਰ ਜਦੋਂ ਉਹ ਜੀਵਨਸਾਥੀ ਹੀ ਉਸ ਨੂੰ ਰੁਪਿਏਆਂ ਦੇ ਤਰਾਜ਼ੂ ਵਿੱਚ ਤੋਲਣ ਲੱਗ ਜਾਂਦਾ ਹੈ ਤਾਂ ਉਸ ਦੇ ਸਾਰੇ ਸੁਫਨਿਆਂ ਤੇ ਪਾਣੀ ਪੈ ਜਾਂਦਾ ਹੈ।
ਚਰਨਜੀਤ ਕੌਰ ਨਾਂਅ ਦੀ ਕੁੜੀ ਜੋ ਜਗਰਾਓ ਦੀ ਰਹਿਣ ਵਾਲੀ ਹੈ ਇਕ ਚੰਗੇ ਜੀਵਨਸਾਥੀ ਦਾ ਸੁਫਨਾ ਸੰਜੋ ਕੇ ਵਿਆਹ ਦੇ ਬੰਧਨ ਵਿੱਚ ਬੱਝ ਗਈ, ਪਰ ਉਹ ਇਸ ਤੋਂ ਅਨਜਾਣ ਸੀ ਇਹ ਸੁਨਿਹਰਾ ਸੁਪਨਾ ਭਿਆਨਕ ਸੁਪਨੇ ਵਿੱਚ ਤਬਦੀਲ ਹੋ ਜਾਵੇਗਾ। ਵਿਆਹ ਦੇ ਚਾਰ ਮਹੀਨਿਆਂ ਬਾਅਦ ਉਸ ਦਾ ਪਤੀ ਉਸ ਨੂੰ ਮਨੀਲਾ ਲੈ ਗਿਆ। ਜਿੱਥੇ ਉਸ ਨੇ ਜਾ ਕੇ ਚਰਨਜੀਤ ਦੇ ਮਾਂਪਿਆਂ ਕੋਲੋ ਪੈਸੇ ਦੀ ਮੰਗ ਸ਼ੁਰੂ ਕਰ ਦਿੱਤੀ। ਪੈਸੇ ਨਾ ਮਿਲਣ ਤੇ ਉਹ ਉਸ ਨੂੰ ਕੁੱਟਦਾ ਮਾਰਦਾ ਰਿਹਾ। ਇਸੇ ਦੌਰਾਨ ਉਨ੍ਹਾਂ ਦੇ ਘਰ ਇੱਕ ਬੇਟੀ ਨੇ ਜਨਮ ਲਿੱਤਾ, ਚਰਨਜੀਤ ਨੂੰ ਲੱਗਿਆ ਸ਼ਾਇਦ ਹੁਣ ਉਨ੍ਹਾਂ ਦਾ ਰਿਸ਼ਤਾ ਠੀਕ ਹੋ ਜਾਵੇ। ਪਰ ਇਹ ਨਾ ਹੋਇਆ ਸਗੋਂ ਉਹ ਹੋਰ ਵਹਿਸ਼ੀ ਹਰਕਤਾਂ ਤੇ ਉਤਰ ਆਇਆ, ਪੈਸੇ ਮੰਗਾਉਣ ਲਈ ਉਸਦੇ ਮਾਂ-ਪਿਆ ਨੂੰ ਵਿਡੀਓ ਕਾਲ ਲਗਾ ਕੇ ਉਨ੍ਹਾਂ ਦੀ ਬੇਟੀ ਅਤੇ ਦੋਹਤੀ ਨੂੰ ਜਾਨੋਂ ਮਾਰਣ ਦੀਆਂ ਧਮਕੀਆ ਦੇਣ ਲੱਗ ਪਿਆ।
ਦਾਜ ਦੀ ਪੂਰਤੀ ਕਰਦਿਆਂ ਪੀੜਤ ਲੜਕੀ ਦੇ ਪਰਿਵਾਰ ਦਾ ਸਭ ਕੁਝ ਵਿਕ ਗਿਆ। ਜਦੋਂ ਤਸ਼ੱਦਦ ਹੱਦ ਤੋਂ ਬਾਹਰ ਹੋ ਗਈ ਤਾਂ ਪੀੜਤ ਲੜਕੀ ਦੇ ਪਰਿਵਾਰ ਨੇ ਹੈਲਪਿੰਗ ਹੈਪਲੈੱਸ ਦੀ ਟੀਮ ਅਤੇ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਸੰਪਰਕ ਕਰ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਆ ਕੇ ਸਾਰੀ ਗੱਲ ਸਾਂਝੀ ਕੀਤੀ, ਤੇ ਬੀਬੀ ਰਾਮੂਵਾਲੀਆ ਸਾਹਮਣੇ ਚਰਨਜੀਤ ਕੌਰ ਦਾ ਪਿਓ ਭਾਵੁਕ ਹੋ ਕੇ ਭੁੱਬਾ ਮਾਰ ਕੇ ਰੋਣ ਲੱਗ ਪਿਆ ਤੇ ਮੱਦਦ ਦੀ ਗੁਹਾਰ ਲਗਾਈ। ਬਜ਼ੁਰਗ ਪਿਤਾ ਦੀ ਐਸੀ ਹਾਲਤ ਦੇਖ ਕੇ ਉੱਥੇ ਮੌਜੂਦ ਸਾਰੇ ਸਟਾਫ ਦੀਆਂ ਅੱਖਾਂ ਭਰ ਆਈਆ
“ਹੈਲਪਿੰਗ ਹੈਪਲੈੱਸ” ਦੀ ਟੀਮ ਨੇ ਮਨੀਲਾ ਵਿੱਚ ਸਥਿਤ ਹਿੰਦੁਸਤਾਨ ਦੀ ਅਮਬੈਸੀ ਦੇ “ਅਟੈਚੀ” ਸ਼੍ਰੀ ਮਿਸ਼ਰਾ ਜੀ ਨਾਲ ਲਗਾਤਾਰ ਗੱਲ ਕੀਤੀ ਚਰਨਜੀਤ ਅਤੇ ਉਸ ਦੀ ਬੱਚੀ ਨੂੰ ਘਰੋਂ ਪੁਲਿਸ ਰਾਹੀਂ ਅਮਬੈਸੀ ਲਿਆਂਦਾ ਗਿਆ। ਉਹ ਬੁਰੀ ਹਾਲਤ ਵਿੱਚ ਸਨ ਉਨ੍ਹਾਂ ਲਈ ਖਾਣ-ਪੀਣ ਤੇ ਦਵਾਈ ਦਾ ਪ੍ਰਬੰਧ ਕੀਤਾ ਗਿਆ। ਬੱਚੀ ਦੇ ਜਨਮ ਸਰਟੀਫਿਕੇਟ ਤੇ ਨਾਮ ਗਲਤ ਹੋਣ ਕਾਰਨ ਉਹ ਹਿੰਦੁਸਤਾਨ ਨਹੀਂ ਆ ਸਕਦੀ ਸੀ, ਨਾਮ ਠੀਕ ਕਰਵਾਕੇ ਬੱਚੀ ਨੂੰ ਪਾਸਪੋਰਟ ਦਵਾਇਆ ਗਿਆ, ਤੇ ਵਾਪਸੀ ਲਈ ਹਵਾਈ ਜਹਾਜ਼ ਦੀ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਸਦਕਾ ਚਰਨਜੀਤ ਕੌਰ ਆਪਣੇ ਵਤਨ ਪਰਤ ਕੇ ਆਪਣੇ ਮਾਪਿਆਂ ਨੂੰ ਮਿਲ ਸਕੀ। ਇਸ ਤੇ ਹੈਲਪਿੰਗ ਹੈਪਲੈੱਸ ਦੀ ਟੀਮ ਨੇ ਸ਼੍ਰੀ ਮਿਸ਼ਰਾ ਜੀ ਦਾ ਧੰਨਵਾਦ ਕੀਤਾ।
ਬੀਬੀ ਰਾਮੂਵਾਲੀਆ ਤੇ “ਹੈਲਪਿੰਗ ਹੈਪਲੈੱਸ” ਦੀ ਟੀਮ ਦਾ ਚਰਨਜੀਤ ਕੌਰ ਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਆਕੇ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਧੀ ਦੇ ਵਾਪਿਸ ਜ਼ਿੰਦਾ ਪਰਤਣ ਦੀ ਆਸ ਉਹ ਛੱਡ ਚੁੱਕੇ ਸਨ, ਉਹ ਇਸ ਨੂੰ ਇੱਕ ਅਚੰਬਾ ਹੀ ਸਮਝਦੇ ਹਨ। ਇਸ ਸਮੇਂ ਡਾ. ਹਮਜੋਲ ਸਿੰਘ, ਸ਼੍ਰੀ ਅਰਵਿੰਦਰ ਭੁੱਲਰ, ਅਨਮੋਲ ਚੱਕਲ ਤੇ ਅਮ੍ਰਿਤਪਾਲ ਸਿੰਘ ਮੌਜੂਦ ਸਨ।