ਗੁਰਮੀਤ ਪਲਾਹੀ
ਜਲੰਧਰ , 19 ਸਤੰਬਰ 2019 - ਪੰਜਾਬੀਆਂ ਦੇ ਮਨਪਸੰਦ ਅਤੇ ਪੰਜਾਬੀ ਸਭਿਆਚਾਰ ਦੇ ਦਰਪਨ ਦੂਰਦਰਸ਼ਨ ਜਲੰਧਰ ਨੇ ਰਾਸ਼ਟਰੀ ਪੱਧਰ ਉਤੇ ਵਿਸ਼ੇਸ਼ ਮੱਲਾਂ ਮਾਰਦਿਆਂ, ਭਾਰਤ ਦੇ ਸਾਰੇ ਦੂਰਦਰਸ਼ਨ ਕੇਦਰਾਂ ਵਿਚੋਂ "ਸਭ ਤੋਂ ਵਧੀਆ ਕਾਰਜਸ਼ੀਲ ਨਿਪੁੰਨ ਕੇਂਦਰ" ਦਾ ਐਵਾਰਡ ਪ੍ਰਾਪਤ ਕੀਤਾ ਹੈ। ਇਹ ਐਵਾਰਡ ਭਾਰਤ ਦੇ ਸਾਰੇ ਦੂਰਦਰਸ਼ਨ ਕੇਂਦਰਾਂ ਵਿੱਚੋਂ ਇੱਕਲਿਆਂ ਜਲੰਧਰ ਦੂਰਦਰਸ਼ਨ ਦੇ ਹਿੱਸੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੂਰਦਰਸ਼ਨ ਕੇਂਦਰ ਦੀ ਐਚ.ਓ.ਪੀ. ਇੰਦੂ ਵਰਮਾ ਨੇ ਦੱਸਿਆ ਕਿ ਪ੍ਰੋਗਰਾਮ ਐਗਜੈਕਟਿਵਜ਼ ਅਤੇ ਸਟਾਫ ਦੀ ਘਾਟ ਹੋਣ ਦੇ ਬਾਵਜੂਦ ਵੀ ਦੂਰਦਰਸ਼ਨ ਨੇ ਇਹ ਸਨਮਾਨ ਯੋਗ ਪ੍ਰਾਪਤੀ ਕੀਤੀ ਹੈ। ਇਸ ਸਮੇਂ ਦੂਰਦਰਸ਼ਨ ਭਵਨ ਨਵੀਂ ਦਿੱਲੀ 'ਚ 16 ਸਤੰਬਰ ਨੂੰ ਕਰਵਾਏ ਰਾਸ਼ਟਰੀ ਪ੍ਰੋਗਰਾਮ "ਦੂਰਦਰਸ਼ਨ ਦੇ ਸਲਾਨਾ 11ਵੇਂ ਤੇ 12ਵੇਂ ਐਵਾਰਡ ਸਮਾਗਮ" ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਤਰਫੋਂ ਦੂਰਦਰਸ਼ਨ ਦੀ ਐਚ.ਓ.ਪੀ. ਇੰਦੂ ਵਰਮਾ ਨੇ ਇਹ ਐਵਾਰਡ ਪ੍ਰਾਪਤ ਕੀਤਾ ।
ਦੂਰਦਰਸ਼ਨ ਕੇਂਦਰ ਜਲੰਧਰ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਪ੍ਰਸਾਰ, ਸੂਚਨਾਵਾਂ ਦੇ ਪ੍ਰਸਾਰਣ, ਪ੍ਰਚਾਰਨ ਅਤੇ ਮਨੋਰੰਜਨ ਲਈ ਜਾਣਿਆ ਜਾਂਦਾ ਹੈ ਅਤੇ ਇਸ ਦੇ ਪ੍ਰੋਗਰਾਮ 150 ਤੋਂ ਵੱਧ ਦੇਸ਼ਾਂ ਵਿੱਚ ਵੇਖੇ ਜਾਂਦੇ ਹਨ। ਪੰਜਾਬੀ ਬੋਲੀ , ਪੰਜਾਬੀ ਸੱਭਿਆਚਾਰ ਦੇ ਪ੍ਰਫੁਲਤਾ ਲਈ ਜਾਣਿਆ ਜਾਂਦਾ ਇਹ ਕੇਂਦਰ ਖ਼ਾਸ ਕਰਕੇ ਪੇਂਡੂ ਖਿੱਤੇ ਲਈ ਵਿਸ਼ੇਸ਼ ਖਿੱਚ ਹੈ ਅਤੇ ਤਿੰਨ ਕਰੋੜ ਤੋਂ ਵੱਧ ਲੋਕ ਇਹਨਾ ਪ੍ਰੋਗਰਾਮਾਂ ਨੂੰ ਦੁਨੀਆ ਭਰ ਵਿੱਚ ਹਰ ਰੋਜ਼ ਦੇਖਦੇ ਹਨ। ਦੂਰਦਰਸ਼ਨ ਕੇਂਦਰ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਵਿਸ਼ੇਸ਼ ਤੌਰ 'ਤੇ ਜਾਣੇ ਜਾਂਦੇ ਇਸ ਕੇਂਦਰ ਵਲੋਂ ਨਿਵੇਕਲੇ ਪ੍ਰੋਗਰਾਮ ਪ੍ਰਸਾਰਤ ਕੀਤੇ ਜਾਂਦੇ ਹਨ।
ਸ਼੍ਰੀਮਤੀ ਇੰਦੂ ਵਰਮਾ ਨੇ ਦੱਸਿਆ ਕਿ ਨਵੰਬਰ ਮਹੀਨੇ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਸਬੰਧੀ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਰਿਪੋਰਟਿੰਗ ਕੀਤੀ ਜਾਵੇਗੀ ਅਤੇ ਦੂਰਦਰਸ਼ਨ ਕੇਂਦਰ ਵਲੋਂ ਆਪਣੇ ਵਲੋਂ ਵੀ ਪ੍ਰੋਗਰਾਮ ਤਿਆਰ ਕਰਕੇ ਗੁਰੂ ਨਾਨਕ ਲੇਵਾ ਸੰਗਤਾਂ ਲਈ ਵਿਸ਼ੇਸ਼ ਤੌਰ 'ਤੇ ਪ੍ਰਸਾਰਿਤ ਕੀਤੇ ਜਾਣਗੇ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਪ੍ਰੋਡਿਊਸਰ ਨਿਊਜ਼ ਗੁਰਮੇਲ ਸਿੰਘ,. ਪ੍ਰੋਡਿਊਸਰ ਕੇਵਲ ਕ੍ਰਿਸ਼ਨ, ਪ੍ਰੋਡਿਊਸਰ ਸ਼ੁਲਿੰਦਰ ਸ਼ਰਮਾ ਅਤੇ ਪ੍ਰੋਡਿਊਸਰ ਸ਼੍ਰੀਮਤੀ ਕੁਲਵਿੰਦਰ ਬੁਟਰ ਹਾਜ਼ਰ ਸਨ। ਜਿਹਨਾ ਨੇ ਆਪੋ-ਆਪਣੇ ਪ੍ਰੋਗਰਾਮਾਂ ਬਾਰੇ ਪ੍ਰੈਸ ਕਾਨਫਰੰਸ ਵਿੱਚ ਭਰਪੂਰ ਜਾਣਕਾਰੀ ਦਿੱਤੀ।