ਫਗਵਾੜਾ,19/09/2019 - ਪੰਜਾਬ ਦੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਕਰਵਾਏ ਗਏ ਹਿੰਦੀ ਦਿਵਸ ਸਮਾਗਮ ਮੌਕੇ ਕੁਝ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਵਿਵਹਾਰਿਕਤਾ ਦੇ ਮੁੱਦੇ ਉੱਤੇ ਸਵਾਲ ਉਠਾਏ ਹਨ । ਇਹ ਬਹੁਤ ਹੀ ਮੰਦਭਾਗੀ,ਦਿਲ ਨੂੰ ਦੁੱਖ ਦੇਣ ਵਾਲੀ ਅਤੇ ਨਾ ਬਰਦਾਸ਼ਤ ਕਰਨਯੋਗ ਘਟਨਾ ਹੈ। ਪੰਜਾਬੀ ਕਾਲਮ ਨਵੀਸ ਮੰਚ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖ਼ੀ ਲਿੱਪੀ ਪੰਜਾਬ ਤੇ ਸਮੁੱਚੇ ਪੰਜਾਬੀਆਂ ਦੀ ਸਾਹ ਰਗ ਹਨ ਜਿਨ੍ਹਾਂ ਸਦਕਾ ਭਾਰਤ 'ਚ ਮਰ ਚੁੱਕਿਆ ਜੀਵਨ ਮੁੜ ਧੜਕਣ ਯੋਗ ਹੋਇਆ ਅਤੇ ਅੱਜ ਵੀ ਇਸੇ ਕਰਕੇ ਹੀ ਧੜਕ ਰਿਹਾ ਹੈ।
ਇਸ ਘਟਨਾ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਪੰਜਾਬ ਦੀ ਧਰਤੀ ਉੱਤੇ ਸਰਕਾਰੀ ਸਮਾਗਮਾਂ 'ਚ ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਹੋਣ ਦਾ ਐਲਾਨ ਕੀਤਾ ਗਿਆ। ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਕੁਝ ਤਾਕਤਾਂ ਵੱਲੋਂ ਸਾਜਿਸ਼ ਅਧੀਨ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਉੱਚ ਸਿੱਖਿਆ ਦੇ ਖੇਤਰ ਸਮੇਤ ਹਰ ਖੇਤਰ ਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਜੋ ਕੋਝੇ ਯਤਨ ਆਰੰਭੇ ਹੋਏ ਹਨ ਇਹ ਨਿੰਦਨਯੋਗ ਹੈ। ਇਨ੍ਹਾਂ ਤਾਕਤਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਗਵਾਰਾ ਦੀ ਭਾਸ਼ਾ ਕਹਿਣਾ ਆਪਣੀ ਤੰਗ ਤੇ ਨਫਰਤ ਭਰੀ ਸੋਚ ਦਾ ਪ੍ਰਗਟਾਵਾ ਕਰਨਾ ਹੈ ਕਿਉਂ ਕਿ ਜਿਸ ਭਾਸ਼ਾ ਚ ਵਿਸ਼ਵ ਦੀ ਸਭ ਤੋਂ ਵੱਧ ਪ੍ਰਮਾਣਿਕਤਾ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੋਵੇ ਉਹ ਭਾਸ਼ਾ ਗਵਾਰ ਕਿਵੇਂ ਹੋ ਸਕਦੀ ਹੈ ? ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਪੂਰੀਆਂ ਕਰਨ ਲਈ ਹਮੇਸ਼ਾ ਹੀ ਮੌਕੇ ਦੀ ਤਾਕ 'ਚ ਰਹਿੰਦੇ ਹਨ। ਭਾਸ਼ਾਵਾਂ ਸਾਰੀਆਂ ਹੀ ਆਪਣੇ-ਆਪਣੇ ਖਿੱਤਿਆਂ 'ਚ ਸਤਿਕਾਰਤ ਹਨ, ਉਨ੍ਹਾਂ ਦੀ ਉੱਨਤੀ ਲਈ ਯਤਨ ਹੁੰਦੇ ਰਹਿਣੇ ਚਾਹੀਦੇ ਹਨ ਪਰ ਕਿਸੇ ਵਿਸ਼ੇਸ਼ ਭਾਸ਼ਾ ਦੀ ਤਰੱਕੀ ਲਈ ਕਿਸੇ ਦੂਸਰੀ ਭਾਸ਼ਾ ਦਾ ਅਪਮਾਨ ਕਰਨਾ ਕਿਸੇ ਵੀ ਤਰ੍ਹਾਂ ਨਾ ਉਚਿਤ ਹੈ ਅਤੇ ਨਾ ਹੀ ਸਹਿਣਯੋਗ।
ਪੰਜਾਬ ਦੀ ਪਹਿਲੀ ਭਾਸ਼ਾ ਪੰਜਾਬੀ ਹੈ ਇਸ ਦੀ ਕੀਮਤ ਉੱਤੇ ਹਿੰਦੀ ਸਮੇਤ ਕਿਸੇ ਹੋਰ ਬਾਹਰਲੀ ਭਾਸ਼ਾ ਨੂੰ ਕਿਸੇ ਵੀ ਖੇਤਰ ਚ ਧੱਕੇ ਨਾਲ ਠੋਸਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਪੰਜਾਬ ਹਿਤੈਸ਼ੀ ਲੋਕਾਂ ਨੂੰ ਇੱਕ ਪਲੇਟਫਾਰਮ 'ਤੇ ਇੱਕਠੇ ਹੋ ਕੇ ਇਸ ਵਿਰੁੱਧ ਆਵਾਜ਼ ਉਠਾਉਣ ਦਾ ਪੰਜਾਬੀ ਕਾਲਮ ਨਵੀਸ ਮੰਚ ਨੇ ਸੱਦਾ ਦਿੱਤਾ ਹੈ। ਮੰਚ ਦੇ ਅਹੁਦੇਦਾਰਾਂ ਅੰਤਰ ਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਡਾ: ਸਵਰਾਜ ਸਿੰਘ, ਡਾ: ਐਸ.ਐਸ. ਛੀਨਾ, ਉਜਾਗਰ ਸਿੰਘ, ਗੁਰਮੀਤ ਸਿੰਘ ਪਲਾਹੀ, ਰਵਿੰਦਰ ਸਿੰਘ ਚੋਟ, ਗੁਰਚਰਨ ਸਿੰਘ ਨੂਰਪੁਰ, ਡਾ: ਸ਼ਿਆਮ ਸੁੰਦਰ ਦੀਪਤੀ, ਪਰਵਿੰਦਰਜੀਤ ਸਿੰਘ ਫਗਵਾੜਾ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ, ਦੀਦਾਰ ਸ਼ੇਤਰਾ, ਜੀ.ਐਸ. ਗੁਰਦਿੱਤ, ਡਾ. ਗਿਆਨ ਸਿੰਘ, ਸੁਰਿੰਦਰ ਮਚਾਕੀ ਨੇ ਸੰਯੁਕਤ ਰੂਪ 'ਚ ਕਿਹਾ ਕਿ ਭਾਰਤ ਦੇ ਸੂਬਿਆਂ ਦੀ ਵੰਡ ਭਾਸ਼ਾਵਾਂ ਦੇ ਅਧਾਰ 'ਤੇ ਕੀਤੀ ਗਈ ਹੈ। ਹਰ ਸੂਬੇ ਦੀ ਭਾਸ਼ਾ ਉਥੇ ਦੇ ਸਭਿਆਚਾਰ ਨੂੰ ਸੰਜੋਅ ਕੇ ਬੈਠੀ ਹੈ। ਇਹਨਾ ਖੇਤਰੀ ਭਾਸ਼ਾਵਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਦੀ ਮੰਚ ਇੱਕ-ਸੁਰਤਾ ਨਾਲ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਮੰਚ ਕਿਸੇ ਵੀ ਭਾਸ਼ਾ ਦੇ ਵਿਰੁਧ ਨਹੀਂ ਹੈ ਪਰ ਪੰਜਾਬੀ ਬੋਲੀ ਦੇ ਵਿਰੋਧ ਵਿੱਚ ਕੀਤੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗਾ।