ਹੁਸ਼ਿਆਰਪੁਰ, 19 ਸਤੰਬਰ 2019 -ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ ਹੈ, ਜਿਸ ਨੂੰ ਲੈ ਕੇ ਸਰਕਾਰ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ। ਸਰਕਾਰ ਵਲੋਂ ਉਦਯੋਗਾਂ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਦੇ ਚੱਲਦੇ ਸੂਬੇ ਵਿੱਚ ਪਿਛਲੇ ਲਗਭਗ 2 ਸਾਲਾਂ ਦੌਰਾਨ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਅਤੇ ਇਸ ਨਿਵੇਸ਼ ਨਾਲ ਪੈਦਾ ਹੋਣ ਵਾਲੀਆਂ ਨੌਕਰੀਆਂ ਨਾਲ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਸਤਿਆਲ ਦੇ ਖੇਡ ਸਟੇਡੀਅਮ ਲਈ 4 ਲੱਖ ਰੁਪਏ ਦਾ ਚੈਕ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਰੋਜ਼ਗਾਰ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਸਤੰਬਰ ਨੂੰ ਲੱਗਣ ਵਾਲੇ ਰੋਜ਼ਗਾਰ ਮੇਲੇ ਵਿੱਚ ਉਹ ਵੱਧ ਤੋਂ ਵੱਧ ਸੰਖਿਆ ਵਿੱਚ ਭਾਗ ਲੈਣ।
ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿਥੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਇਸ ਵਚਨਬੱਧਤਾ ਦੇ ਚੱਲਦੇ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਕੀਤੀ ਗਈ ਹੈ।
ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਖੇਡਾਂ ਨੂੰ ਬੜਾਵਾ ਦੇਣ ਲਈ ਸੂਬਾ ਸਰਕਾਰ ਵਲੋਂ ਬਹੁਤ ਯਤਨ ਕੀਤੇ ਜਾ ਰਹੇ ਹਨ। ਇਕ ਪਾਸੇ ਸਰਕਾਰ ਜਿਥੇ ਖੇਡ ਯੂਨੀਵਰਸਿਟੀ ਖੋਲ੍ਹਣ ਜਾ ਰਹੀ ਹੈ, ਉਥੇ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 101 ਪ੍ਰਸਿੱਧ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕਰਕੇ ਖੇਡਾਂ ਨੂੰ ਪ੍ਰਫੁੱਲਤ ਕਰਕੇ ਆਪਣੀ ਵਚਨਬੱਧਾ ਵੀ ਦੁਹਰਾਈ ਹੈ। ਇਸ ਦੌਰਾਨ ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਦਿਖਾਉਣ, ਕਿਉਂਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਰਚਨਾਤਮਕ ਮਾਹੌਲ ਬਣਾਇਆ ਜਾ ਰਿਹਾ ਹ, ਤਾਂ ਜੋ ਨੌਜਵਾਨਾਂ ਸਿੱਖਿਆ ਅਤੇ ਸਰੀਰਕ ਪੱਖੋਂ ਵਿਕਸਿਤ ਕੀਤਾ ਜਾ ਸਕੇ। ਇਸ ਮੌਕੇ ’ਤੇ ਸਰਪੰਚ ਸ਼੍ਰੀ ਜਸਪਾਲ ਸਿੰਘ, ਸ਼੍ਰੀ ਮਹਿੰਦਰ ਲਾਲ, ਸ੍ਰੀ ਦੇਵ ਰਾਜ, ਸ਼੍ਰੀ ਰੌਸ਼ਨ ਲਾਲ, ਸ਼੍ਰੀਮਤੀ ਕਮਲੇਸ਼ ਕੌਰ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀ ਪਿਆਰੇ ਲਾਲ, ਸ਼੍ਰੀ ਹਰਮੇਸ਼ ਲਾਲ, ਸ਼੍ਰੀ ਸਤਪਾਲ, ਸ਼੍ਰੀ ਕੁਲਦੀਪ ਅਰੋੜਾ, ਸ਼੍ਰੀ ਕਮਲ ਕੁਮਾਰ, ਸ਼੍ਰੀ ਤਜਿੰਦਰ ਸਿੰਘ, ਸ਼੍ਰੀ ਰਾਹੁਲ ਗੋਹਿਲ, ਸ਼੍ਰੀ ਮੋਹਣ ਲਾਲ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।