ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਨੂੰ ਗ੍ਰਾਮ ਪੰਚਾਇਤਾਂ ਵੱਲੋਂ ਦਿੱਤਾ ਜਾ ਰਿਹੈ ਸਾਰਥਕ ਹੁੰਗਾਰਾ
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪਿੰਡਾਂ ਤੇ ਸ਼ਹਿਰਾਂ 'ਚ ਚੱਲ ਰਹੀ ਹੈ ਜਾਗਰੂਕਤਾ ਮੁਹਿੰਮ
ਸੰਗਰੂਰ, 19 ਸਤੰਬਰ 2019: ਪਿਛਲੇ ਮਹੀਨੇ ਬਲਾਕ ਭਵਾਨੀਗੜ੍ਹ ਦੇ 3 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਸਰਬਸੰਮਤੀ ਨਾਲ ਨਸ਼ਾ ਮੁਕਤੀ ਦਾ ਮਤਾ ਪਾਉਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ 3 ਹੋਰ ਪਿੰਡਾਂ ਨੇ ਵੀ ਨਸ਼ਾ ਮੁਕਤ ਹੋਣ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਸੁਨਾਮ, ਸ਼ੇਰਪੁਰ ਅਤੇ ਅਨਦਾਣਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਬਲਾਕਾਂ ਦੇ ਇੱਕ-ਇੱਕ ਪਿੰਡ ਦੀ ਗ੍ਰਾਮ ਪੰਚਾਇਤ ਨੇ ਨਸ਼ਿਆਂ ਖਿਲਾਫ ਸਰਕਾਰ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤੋਂ ਪ੍ਰਭਾਵਿਤ ਹੁੰਦਿਆਂ ਇਨ੍ਹਾਂ ਪਿੰਡਾਂ ਦੇ ਨਸ਼ਾ ਮੁਕਤ ਹੋਣ ਸਬੰਧੀ ਮਤੇ ਪਾਸ ਕਰ ਦਿੱਤੇ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਸੁਨਾਮ ਦਾ ਪਿੰਡ ਰਾਮਪੁਰਾ ਕੋਠੇ ਛਾਜਲੀ, ਸ਼ੇਰਪੁਰ ਦਾ ਪਿੰਡ ਅਲਾਲ ਅਤੇ ਅਨਦਾਣਾ ਦਾ ਪਿੰਡ ਬਾਹਮਣੀਵਾਲਾ ਸ਼ਾਮਲ ਹਨ।
ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਉਦਮ ਤੋਂ ਪ੍ਰਭਾਵਿਤ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਇਸ ਤੋਂ ਪਹਿਲਾ ਬਲਾਕ ਭਵਾਨੀਗੜ੍ਹ ਦੇ ਪਿੰਡ ਸੰਗਤਪੁਰਾ, ਰੇਤਗੜ੍ਹ ਅਤੇ ਰਾਜਪੁਰਾ ਦੀਆਂ ਪੰਚਾਇਤਾਂ ਨੇ ਵੀ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਘੋਸ਼ਿਤ ਕਰਨ ਦੇ ਮਤੇ ਪਾਏ ਸਨ। ਉਨ੍ਹਾਂ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਪੰਚਾਇਤਾਂ ਵੱਲੋਂ ਰਾਜ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਨਸ਼ਾ ਰਹਿਤ ਆਲਾ-ਦੁਆਲਾ ਸਿਰਜਣਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਹਰੇਕ ਉਮਰ ਵਰਗ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੱਡੇ ਪੱਧਰ 'ਤੇ ਚੇਤਨਤਾ ਪੈਦਾ ਕਰਨ ਦੇ ਸਾਰਥਕ ਉਪਰਾਲੇ ਕੀਤੇ ਜਾਂਦੇ ਹਨ ਜਿਸ ਦੇ ਤਹਿਤ ਵਿਦਿਅਕ ਅਦਾਰਿਆਂ, ਵਪਾਰਕ ਸੰਸਥਾਵਾਂ, ਸ਼ਹਿਰਾਂ ਤੇ ਪਿੰਡਾਂ ਦੇ ਗਲੀ-ਮੁਹੱਲਿਆਂ ਵਿੱਚ ਜਾਗਰੂਕਤਾ ਰੈਲੀਆਂ, ਸੈਮੀਨਾਰ, ਭਾਸ਼ਣ ਮੁਕਾਬਲੇ ਆਦਿ ਕਰਵਾਏ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸਿਆਂ ਖਿਲਾਫ਼ ਵਿੱਢੀ ਮੁਹਿੰਮ 'ਚ ਜ਼ਿਲ੍ਹੇ 'ਚ 1 ਲੱਖ 53 ਹਜ਼ਾਰ 985 ਬੱਡੀ, 5275 ਸੀਨੀਅਰ ਬੱਡੀ, ਸਕੂਲਾਂ ਅਤੇ ਕਾਲਜ ਦੇ 833 ਨੋਡਲ ਅਫ਼ਸਰ, 16 ਬਡੀ ਗਰੁੱਪ ਦੇ ਮਾਸਟਰ ਟ੍ਰੇਨਰ ਨਸ਼ਿਆਂ ਬਾਰੇ ਜਾਗਰੂਕਤਾ ਲਿਆਉਣ ਲਈ ਕਾਰਜ਼ਸੀਲ ਹਨ। ਉਨ੍ਹਾਂ ਕਿਹਾ ਕਿ ਨਸ਼ਿਆ ਦੇ ਸੇਵਨ ਕਰਨ ਵਾਲੇ ਲੋਕਾਂ ਦਾ ਢੁਕਵਾਂ ਇਲਾਜ ਕਰਨ ਲਈ ਨਸ਼ਾ ਮੁਕਤੀ ਕੇਂਦਰ, ਓਟ ਕਲੀਨਿਕ ਸਥਾਪਤ ਕੀਤੇ ਗਏ ਹਨ ਜਿਥੇ ਹਰੇਕ ਮਰੀਜ਼ ਦੀ ਕਾਊਸਲਿੰਗ ਕਰਕੇ ਤੰਦਰੁਸਤ ਰਹਿਣ ਅਤੇ ਨਸ਼ੇ ਦੀ ਆਦਤ ਛੱਡਣ ਲਈ ਮੁਫ਼ਤ ਇਲਾਜ ਅਤੇ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਨਸ਼ਾ ਰਹਿਤ ਅਤੇ ਨਿਰੋਗ ਜਿੰਦਗੀ ਜਿਊਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਹਰੇਕ ਨਾਗਰਿਕ ਨੂੰ ਅੱਗੇ ਆਉਣ ਦੀ ਲੋੜ ਹੈ, ਤਾਂ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਸਕੀਏ।
ਸੁਨਾਮ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਮਪੁਰ ਕੋਠੇ ਛਾਜਲੀ ਦੀ ਅਬਾਦੀ 900 ਦੇ ਕਰੀਬ ਹੈ ਅਤੇ ਨਿਵਾਸੀਆਂ ਵਿੱਚ ਖੇਡਾਂ, ਵਾਤਾਵਰਣ ਸੰਭਾਲ ਅਤੇ ਸਮਾਜਿਕ ਕਾਰਜਾਂ ਪ੍ਰਤੀ ਵਧੇਰੇ ਉਤਸ਼ਾਹ ਹੈ। ਇਸੇ ਤਰ੍ਹਾਂ ਸ਼ੇਰਪੁਰ ਦੇ ਬੀ.ਡੀ.ਪੀ.ਓ ਜੁਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਅਲਾਲ ਦੇ ਸਰਪੰਚ ਕੇਸਰ ਸਿੰਘ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਿੰਡ ਨੂੰ ਨਸ਼ਾ ਰਹਿਤ ਕਰਨ ਦਾ ਸਾਰਥਕ ਉਪਰਾਲਾ ਕੀਤਾ ਗਿਆ ਹੈ। ਅਨਦਾਣਾ ਐਟ ਮੂਨਕ ਦੇ ਬੀ.ਡੀ.ਪੀ.ਓ ਪਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਬਾਹਮਣੀਵਾਲਾ ਨੂੰ ਵੀ ਨਸ਼ਾ ਮੁਕਤ ਕਰਨ ਸਬੰਧੀ ਮਤਾ ਪਾਸ ਕਰ ਦਿੱਤਾ ਗਿਆ ਹੈ।