ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਪੰਚਾਇਤੀ ਨੁਮਾਇੰਦਿਆਂ ਦਾ ਮਗਸੀਪਾ ਨੇ ਸੈਮੀਨਾਰ ਲਾਇਆ
ਜ਼ਿਲ੍ਹੇ ਦੇ 100 ਦੇ ਕਰੀਬ ਸਰਪੰਚਾਂ ਨੇ ਕੀਤੀ ਸ਼ਮੂਲੀਅਤ
ਨਵਾਂਸ਼ਹਿਰ, 17 ਸਤੰਬਰ, 2019: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਪੰਚਾਇਤੀ ਰਾਜ ਸੰਸਥਾਂਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਮੁਹਿੰਮ ’ਚ ਅਸਰਦਾਰ ਭੂਮਿਕਾ ਨਿਭਾਉਣ ਲਈ ਅੱਗੇ ਆਉਣ।
ਉਹ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫ਼ੈਂਸ (ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਨਾਲ ਸਬੰਧਤ) ਦੇ ਸਹਿਯੋਗ ਨਾਲ ਲਾਏ ਗਏ ਇੱਕ ਦਿਨਾਂ ‘ਡਰੱਗ ਅਬਿਊਜ਼ ਪ੍ਰੀਵੈਨਸ਼ਨ’ਨ ਸੈਮੀਨਾਰ ’ਚ ਸ਼ਾਮਿਲ ਜ਼ਿਲ੍ਹੇ ਦੇ 100 ਦੇ ਕਰੀਬ ਸਰਪੰਚਾਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਬਬਲਾਨੀ ਨੇ ਕਿਹਾ ਕਿ ਜਿਸ ਦਿਨ ਜ਼ਿਲ੍ਹੇ ’ਚ ਸਰਪੰਚਾਂ ਤੇ ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਗਈ ਸੀ, ਉਸ ਦਿਨ ਉਨ੍ਹਾਂ ਨੂੰ ਡੈਪੋ ਬਣਾਉਣ ਦੇ ਨਾਲ-ਨਾਲ ਨਸ਼ਿਆਂ ਖ਼ਿਲਾਫ਼ ਸਰਕਾਰ ਦੇ ਸਹਿਯੋਗ ਦਾ ਪ੍ਰਣ ਵੀ ਦਿਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਪੰਚਾਂ ਅਤੇ ਪੰਚਾਇਤਾਂ ਦਾ ਆਪੋ-ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ’ਚ ਵੱਡਾ ਯੋਗਦਾਨ ਹੁੰਦਾ ਹੈ, ਇਸ ਲਈ ਸਰਪੰਚਾਂ ਤੇ ਪੰਚਾਇਤਾਂ ਨੂੰ ਨਸ਼ਿਆਂ ਖ਼ਿਲਾਫ਼ ਜਨਤਕ ਲਾਮਬੰਦੀ ਲਈ ਅੱਗੇ ਆਉਂਦਿਆਂ ਆਪੋ-ਆਪਣੇ ਪਿੰਡਾਂ ਦੀ ਜ਼ਿੰਮੇਂਵਾਰੀ ਅਤੇ ਮੋਰਚਾ ਸੰਭਾਲਣਾ ਚਾਹੀਦਾ ਹੈ।
ਉਨ੍ਹਾਂ ਨੇ ਜ਼ਿਲ੍ਹੇ ’ਚ 50 ਪਿੰਡਾਂ ਨੂੰ ਨਸ਼ਾ ਮੁਕਤ ਕਰਾਰ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੋਰਨਾਂ ਪਿੰਡਾਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਪ੍ਰਸ਼ਾਸਨ ਵੱਲੋਂ ਅਗਲੇ ਦਿਨਾਂ ’ਚ ਇਸੇ ਤਰਜ਼ ’ਤੇ 40 ਹੋਰ ਪਿੰਡਾਂ ਨੂੰ ਨਸ਼ਾ ਮੁਕਤ ਕਰਾਰ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਮੂਹਿਕ ਤੌਰ ’ਤੇ ਕਿਸੇ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਦਾ ਤਹੱਈਆ ਕਰ ਲਈਏ ਤਾਂ ਕੋਈ ਵੀ ਚਣੌਤੀ ਰਸਤਾ ਨਹੀਂ ਰੋਕ ਸਕੇਗੀ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਮਨੋਰੋਗ ਮਾਹਿਰ ਡਾ. ਰੌਸ਼ਨ ਲਾਲ ਨੇ ਇਸ ਮੌਕੇ ਆਪਣੇ ਸੰਬੋਧਨ ’ਚ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਤਣਾਅ ’ਚੋਂ ਲੰਘ ਰਿਹਾ ਹੁੰਦਾ ਹੈ। ਉਹ ਆਪਣੀਆਂ ਮੁਸ਼ਕਿਲਾਂ ਨੂੰ ਭੁਲਾਉਣ ਲਈ ਗਲਤ ਰਾਹ ਪੈ ਕੇ ਨਸ਼ੇ ਦਾ ਸਹਾਰਾ ਲੈ ਲੈਂਦਾ ਹੈ। ਸਾਨੂੰ ਆਪਣੇ ਆਲੇ-ਦੁਆਲੇ ਅਤੇ ਪਰਿਵਾਰਾਂ ’ਚ ਆਪਣੇ ਨੌਜੁਆਨ ਅਤੇ ਜੁਆਨੀ ਦੀ ਪੌੜੀ ਚੜ੍ਹ ਰਹੇ ਬੱਚਿਆਂ ਵੱਲ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਕਈ ਵਾਰ ਉਹ ਅਜਿਹੇ ਪੜਾਅ ’ਤੇ ਆ ਕੇ ਪਰਿਵਾਰ ਤੋਂ ਮੂੰਹ ਮੋੜ ਲੈਂਦੇ ਹਨ ਅਤੇ ਗਲਤ ਸੰਗਤ ’ਚ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਚਪਨ ਤੋਂ ਕਿਸ਼ੋਰ ਉਮਰ ਦੇ ਬਦਲਾਅ ਕਈ ਵਾਰ ਨੌਜੁਆਨਾਂ ਨੂੰ ਗਲਤ ਪਾਸੇ ਵੀ ਤੋਰ ਦਿੰਦੇ ਹਨ ਜਿਸ ਲਈ ਮਾਂ-ਬਾਪ ਬੜਾ ਅਹਿਮ ਰੋਲ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਗਲਤ ਪਾਸੇ ਜਾ ਚੁੱਕੇ ਨੌਜੁਆਨ ਨੂੰ ਵਾਪਸ ਲਿਆਉਣ ’ਚ ਵੀ ਮਨੋ ਰੋਗ ਮਾਹਿਰ ਦੀਆਂ ਕੌਂਸਲਿੰਗਾਂ ਬੇਹਤਰ ਸਾਬਿਤ ਹੋ ਸਕਦੀਆਂ ਹਨ।
ਜ਼ਿਲ੍ਹਾ ਮਾਸਟਰ ਟ੍ਰੇਨਰ ਸੀ ਡੀ ਪੀ ਓ ਸਵਿਤਾ ਕੁਮਾਰੀ ਨੇ ਇਸ ਮੌਕੇ ਨਸ਼ਿਆਂ ਦੀ ਰੋਕਥਾਮ ’ਚ ਸਮਾਜ ਦੀ ਭੂਮਿਕਾ ਨੂੰ ਅਹਿਮ ਕਰਾਰ ਦਿੰਦਿਆਂ ਨਸ਼ਿਆਂ ਦੀ ਸੂਚਨਾ ਸਮੇਂ ਸਿਰ ਪੁਲਿਸ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀ ਅਪੀਲ ਕੀਤੀ।
ਮਗਸੀਪਾ ਦੇ ਜਲੰਧਰ ਰੀਜਨ ਦੇ ਪ੍ਰਾਜੈਕਟ ਡਾਇਰੈਕਟਰ ਐਸ ਪੀ ਜੋਸ਼ੀ (ਸੇਵਾ ਮੁਕਤ ਸੀਨੀਅਰ ਪੁਲਿਸ ਕਪਤਾਨ) ਨੇ ਸੈਮੀਨਾਰ ਨੂੰ ਸਮੇਟਦਿਆਂ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਇਸ ਮੁਸ਼ਕਿਲ ਦਾ ਹੱਲ ਲਈ ਜਾਗਣ ਦੀ ਹੈ। ਅਸੀਂ ਹੁਣ ਵੀ ਜੇਕਰ ਇਸ ਤੋਂ ਪਾਸਾ ਵੱਟਦੇ ਰਹੇ ਤਾਂ ਆਉਣ ਵਾਲਾ ਕਲ੍ਹ, ਅੱਜ ਤੋਂ ਵੀ ਖਤਰਨਾਕ ਬਣ ਸਕਦਾ ਹੈ। ਕਲ੍ਹ ਨੂੰ ਸਾਡੇ ਆਪਣੇ ਪਰਿਵਾਰ ਦਾ ਮੈਂਬਰ ਵੀ ਇਸ ਦਾ ਸ਼ਿਕਾਰ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਗਸੀਪਾ ਵੱਲੋਂ ਸਮੁੱਚੇ ਪੰਜਾਬ ’ਚ ਅਜਿਹੇ ਜਾਗਰੂਕਤਾ ਸੈਮੀਨਾਰ ਪੰਚਾਇਤੀ ਰਾਜ ਸੰਸਥਾਂਵਾਂ ਦੇ ਪ੍ਰਤੀਨਿਧਾਂ ਲਈ ਲਾਉਣ ਦਾ ਮੰਤਵ ਉਨ੍ਹਾਂ ਨੂੰ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਲੜਾਈ ’ਚ ਸ਼ਾਮਿਲ ਕਰਨਾ ਹੈ ਤਾਂ ਜੋ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੜੋਆ ਧਰਮਪਾਲ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਲਾਚੌਰ ਸੁਖਦੇਵ ਸਿੰਘ ਅਤੇ ਪੰਚਾਇਤੀ ਸੰਸਥਾਂਵਾਂ ਦੇ ਨੁਮਾਇੰਦੇ ਮੌਜੂਦ ਸਨ।