ਜ਼ੀਰਕਪੁਰ, 19 ਸਤੰਬਰ 2019 - ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਲੁਟੇਰਿਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਬਲਜੀਤ ਸਿੰਘ ਪ੍ਰਿੰਸ (23) ਵੱਜੋਂ ਹੋਈ ਹੈ ਜੋ ਕਿ ਜ਼ਿਰਕਪੁਰ ਦੇ ਪਿੰਡ ਛੱਤ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਪ੍ਰਿੰਸ ਕੁਝ ਮਹੀਨੇ ਪਹਿਲਾਂ ਹੀ ਸ਼ਿਕਾਗੋ ਦੇ ਇੰਡੀਆਨਾ ਸ਼ਹਿਰ ਗਿਆ ਸੀ। ਉਹ ਉਥੇ ਪਿੰਡ ਛੱਤ ਦੇ ਹੀ ਵਸਨੀਕ ਅਵਤਾਰ ਸਿੰਘ ਦੇ ਸਟੋਰ ’ਚ ਕੰਮ ਕਰਦਾ ਸੀ। ਲੰਘੀ 18 ਸਤੰਬਰ ਨੂੰ ਪ੍ਰਿੰਸ ਸਟੋਰ ਬੰਦ ਕਰ ਰਿਹਾ ਸੀ ਕਿ 2 ਤੋਂ 3 ਅਣਪਛਾਤੇ ਵਿਅਕਤੀ ਆਏ ਅਤੇ ਪਿਸਤੌਲ ਦਿਖਾ ਕੇ ਸਟੋਰ ਵਿੱਚ ਪਈ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋਣ ਲੱਗੇ।
ਇਸ ਦੌਰਾਨ ਲੁਟੇਰਿਆਂ ਨੇ ਵਾਪਸ ਆ ਕੇ ਪ੍ਰਿੰਸ ਨੂੰ ਗੋਲੀ ਮਾਰ ਦਿੱਤੀ। ਸੂਚਨਾ ਮਿਲਣ ’ਤੇ ਸਟੋਰ ਮਾਲਕ ਅਵਤਾਰ ਸਿੰਘ ਮੌਕੇ ’ਤੇ ਪੁੱਜੇ ਤੇ ਪ੍ਰਿੰਸ ਨੂੰ ਜ਼ਖ਼ਮੀ ਹਾਲਤ ’ਚ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਿਤਾ ਇੰਦਰਜੀਤ ਸਿੰਘ ਪਿੰਡ ਵਿੱਚ ਹੀ ਖੇਤੀ ਕਰਦੇ ਹਨ। ਬਲਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਭਰਾ ਸੀ।