← ਪਿਛੇ ਪਰਤੋ
ਜਗਦੀਸ਼ ਥਿੰਦ ਗੁਰੂ ਹਰਸਹਾਏ / ਫ਼ਿਰੋਜ਼ਪੁਰ 20 ਸਤੰਬਰ ਬਗੈਰ ਪੁਸ਼ਟੀ ਕੀਤੇ ਸਾਧਾਰਨ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦੇਣ ਦਾ ਨਤੀਜਾ ਇਨ੍ਹਾਂ ਭਿਆਨਕ ਨਿਕਲਿਆ ਕਿ ਪੀੜਤ ਵਿਅਕਤੀ ਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜਾਨ ਦੇ ਦਿੱਤੀ । ਘਟਨਾ ਗੁਰੂ ਹਰਸਹਾਏ ਨੇੜਲੇ ਪਿੰਡ ਝਾਵਲਾ ਦੀ ਹੈ । ਇੱਥੇ ਪਿੰਡ ਕੌਹਰ ਸਿੰਘ ਵਾਲਾ ਵਾਸੀ ਵੀਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਕੌਮ ਜੱਟ ਪਿੰਡ ਝਾਵਲਾ ਵਿੱਚ ਗਿਆ । ਇਹ ਵਿਅਕਤੀ ਆਪਣੇ ਖੇਤੀ ਦੇ ਕੰਮ ਦੇ ਨਾਲ ਹੀ ਪੁੱਛਾਂ ਦੇਣ ਦਾ ਵੀ ਕੰਮ ਕਰਦਾ ਸੀ । ਹਰੇਕ ਵੀਰਵਾਰ ਨੂੰ ਇਹ ਬਾਬਾ ਜੀ ਦੀ ਚੌਕੀ ਭਰਦਾ ਸੀ । ਵੀਰਵਾਰ ਦਾ ਦਿਨ ਹੋਣ ਕਾਰਨ ਇਹ ਪਿੰਡ ਝਾਵਲਾ ਵਿਖੇ ਸਾਜ਼ਿੰਦਿਆਂ ( ਸਾਜੀਆਂ ) ਨੂੰ ਬੁਲਾਉਣ ਲਈ ਗਿਆ ਤਾਂ ਅੱਗੋਂ ਪਿੰਡ ਝਾਵਲਾ ਅੰਦਰ ਪੰਦਰਾਂ ਵੀਹ ਮੁੰਡੇ ਇਕੱਠੇ ਹੋ ਗਏ । ਇਨ੍ਹਾਂ ਮੁੰਡਿਆਂ ਨੇ ਇਸ ਨੂੰ ਘੇਰ ਲਿਆ ਅਤੇ ਕਹਿਣ ਲੱਗੇ ਕਿ ਤੂੰ ਪਿੰਡ ਵਿੱਚ ਚਿੱਟਾ ਲੈਣ ਲਈ ਆਇਆ ਹੈਂ । ਵੀਰਪਾਲ ਸਿੰਘ ਨੇ ਬਥੇਰੀ ਸਫਾਈ ਦਿੱਤੀ ਅਤੇ ਤਰਲੇ ਪਾਏ ਪਰ ਇਹ ਮੁੰਡੇ ਉਸ ਦੀ ਕੁੱਟਮਾਰ ਅਤੇ ਬੇਇੱਜ਼ਤੀ ਕਰਨ ਲੱਗੇ । ਮੰਡੀਰ ਵੱਲੋਂ ਬਣਾਈ ਗਈ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ । ਕੁੱਟਮਾਰ ਦੌਰਾਨ ਹੋਈ ਬੇਇੱਜ਼ਤੀ ਅਤੇ ਸੋਸ਼ਲ ਮੀਡੀਆ ਰਾਹੀਂ ਇਲਾਕੇ ਭਰ ਵਿੱਚ ਹੋਈ ਚਰਚਾ ਨੂੰ ਭਾਰੀ ਤੋਹੀਨ ਮੰਨਦਿਆਂ ਵੀਰਪਾਲ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲਈ । ਇਸ ਸਬੰਧੀ ਸਹਾਇਕ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 306 ਅਤੇ 66 ਆਈ ਟੀ ਐਕਟ 2000 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਦੋਸ਼ੀਆਂ ਦੀ ਗ੍ਰਿਫ਼ਤਾਰੀ ਸਬੰਧੀ ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਦੋਸ਼ੀ ਫਰਾਰ ਹਨ ।
Total Responses : 267