ਕੁਲਵੰਤ ਸਿੰਘ ਬੱਬੂ
ਰਾਜਪੁਰਾ, 20 ਸਤੰਬਰ 2019 - ਰਾਜਪੁਰਾ ਵਿਖੇ ਅੱਜ ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਅਤੇ ਵਾਈਸ ਚੇਅਰਮੈਨ ਨੰਦ ਲਾਲ ਦੀ ਅਗਵਾਈ ਵਿੱਚ ਮੀਟਿੰਗ ਸੱਦੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਉਤੇ ‘ਦੀਨ ਦਿਆਲ ਉਪਾਧਿਆਏ ਪੰਚਾਇਤ ਸ਼ਸ਼ਕਤੀਕਰਨ ਪੁਰਸਕਾਰ 2019` ਤਹਿਤ ਕੇਂਦਰੀ ਟੀਮ ਵੱਲੋਂ ਪੰਜਾਬ ਸੂਬੇ ਅੰਦਰ ਪੈਂਦੇ 22 ਜ਼ਿਲ੍ਹਿਆਂ ਦੀਆਂ ਪੰਚਾਇਤ ਸੰਮਤੀਆਂ ਦੁਆਰਾ ਕਰਵਾਏ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ ਸੀ।
ਜਿਸ ਤਹਿਤ ਹਲਕਾ ਰਾਜਪੁਰਾ ਦੀ ਬਲਾਕ ਸੰਮਤੀ ਅਧੀਨ ਪੈਂਦੇ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ, ਟੌਭਿਆਂ ਦੀ ਸਫਾਈ, ਸੜਕਾਂ ਅਤੇ ਫਿਰਨੀਆਂ ਦਾ ਨਵੀਨੀਕਰਨ, ਪਿੰਡਾਂ ਨੂੰ ਆਪਸ `ਚ ਜ਼ੋੜਨ ਦੇ ਲਈ ਉਸਾਰੇ ਜਾ ਰਹੇ 6 ਪੁੱਲ, ਵਾਤਾਵਰਣ ਦੀ ਸ਼ੁਧਤਾ ਦੇ ਲਈ ਲਗਾਏ ਗਏ ਬੂਟੇ ਆਦਿ ਸਮੇਤ ਸਾਰੇ ਵਿਕਾਸ ਕੰਮਾਂ ਵਿੱਚ ਆਪਣੀ ਵਧੀਆ ਪ੍ਰਦਰਸ਼ਨ ਕਰਦਿਆ ਹੋਇਆ ਪੰਜਾਬ ਪੱਧਰ `ਤੇ ਸਾਰੀਆਂ ਬਲਾਕ ਸੰਮਤੀਆਂ ਨੂੰ ਪਛਾੜਦਿਆਂ ਹੋਇਆ ਸੂਬੇ ਅੰਦਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਿਸ ਬਦਲੇ ਭਾਰਤ ਸਰਕਾਰ ਵੱਲੋਂ ‘ਦੀਨ ਦਿਆਲ ਉਪਾਧਿਆਏ ਪੰਚਾਇਤ ਸ਼ਸ਼ਕਤੀਕਰਨ ਪੁਰਸਕਾਰ 2019` ਦੇ ਲਈ ਚੋਣ ਕਰਦਿਆਂ ਹੋਇਆ 25 ਲੱਖ ਰੁਪਏ ਨਗਦ ਇਨਾਮੀ ਰਾਸ਼ੀ ਐਲਾਨੀ ਗਈ ਹੈ। ਜਿਸਦੇ ਲਈ ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਵਾਇਸ ਚੇਅਰਮੈਨ ਨੰਦ, ਇਨ੍ਹਾਂ ਦੀ ਟੀਮ ਅਤੇ ਸਾਰੀਆਂ ਪੰਚਾਇਤਾਂ ਦੇ ਨੁਮਾਇੰਦੇ ਵਧਾਈ ਦੇ ਪਾਤਰ ਹਨ।
ਵਿਧਾਇਕ ਕੰਬੋਜ਼ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਲਦ ਬਲਾਕ ਸੰਮਤੀ ਰਾਜਪੁਰਾ ਦਾ ਸਨਮਾਨ ਕਰਨ ਦੇ ਲਈ ਸੱਦਾ ਪੱਤਰ ਭੇਜਿਆ ਜਾਵੇਗਾ। ਰਾਜਪੁਰਾ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਫੋਕਲ ਪੁਆਇੰਟ ਰਾਜਪੁਰਾ ਦੇ ਲਈ ਵੀ ਸਵਾ ਦੋ ਕਰੋੜ ਰੁਪਏ ਦੇ ਵਿਕਾਸ ਕਾਰਜ਼ ਕਰਵਾਏ ਜਾਣਗੇ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਬਲਾਕ ਸੰਮਤੀ ਮੈਂਬਰ ਸੇਵਾ ਸਿੰਘ ਚੱਕ, ਮਲਕੀਤ ਸਿੰਘ ਉਪਲਹੇੜੀ, ਬਲਦੀਪ ਸਿੰਘ ਬੱਲੂ ਸਮੇਤ ਹੋਰ ਹਾਜਰ ਸਨ।