ਕਾਬੁਲ, 20 ਸਤੰਬਰ 2019 - ਅਮਰੀਕਾ ਦੇ ਇਕ ਡਰੋਨ ਹਮਲੇ ਵਿਚ ਅਫਗਾਨਿਸਤਾਨ ਵਿਚ 30 ਆਮ ਨਾਗਰਿਕ ਮਾਰੇ ਗਏ ਅਤੇ ਘੱਟੋ ਘੱਟ 40 ਹੋਰ ਜ਼ਖਮੀ ਹੋ ਗਏ। ਘਟਨਾ ਬੁੱਧਵਾਰ ਰਾਤ ਦੀ ਹੈ ਜਦੋਂ ਪੂਰਬੀ ਅਫ਼ਗਾਨ ਦੇ ਨੰਗਰਹਾਰ ਸੂਬੇ ਵਿੱਚ ਡਰੋਨ ਨੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ 'ਤੇ ਹਮਲਾ ਕਰ ਦਿੱਤਾ। ਕਿਸਾਨ ਅਜੇ ਆਪਣਾ ਕੰਮ ਖਤਮ ਕਰ ਕੇ ਅੱਗ ਦੁਆਲੇ ਬੈਠੇ ਹੀ ਸੀ ਕਿ ਇਹ ਹਮਲਾ ਹੋ ਗਿਆ।
'ਦ ਗਾਰਡੀਅਨ' ਦੀ ਰਿਪੋਰਟ ਮੁਤਾਬਕ ਇਹ ਡਰੋਨ ਹਮਲਾ ਦਾਇਸ਼ (ਇਸਲਾਮਿਕ ਸਟੇਟ) ਬਾਗੀਆਂ ’ਤੇ ਕੀਤਾ ਗਿਆ ਸੀ ਪਰ ਗਲਤੀ ਨਾਲ ਆਮ ਲੋਕ ਇਸ ਦੀ ਲਪੇਟ ’ਚ ਆ ਗਏ।
ਕੌਮਾਂਤਰੀ ਸੁਰੱਖਿਆ ਦਸਤਿਆਂ ਦੇ ਗੱਠਜੋੜ ’ਚੋਂ ਸਿਰਫ਼ ਅਮਰੀਕਾ ਹੀ ਇੱਕ ਮੈਂਬਰ ਜੋ ਅਫ਼ਗਾਨਿਸਤਾਨ ਵਿੱਚ ਅਤਿਵਾਦੀਆਂ ਖ਼ਿਲਾਫ਼ ਜੰਗ ’ਚ ਹਵਾਈ ਸਹਾਇਤਾ ਮੁਹੱਈਆ ਕਰਦਾ ਹੈ, ਪਰ ਅਜੇ ਤੱਕ ਇਸ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ।