ਲੋਕੇਸ਼ ਰਿਸ਼ੀ
ਗੁਰਦਾਸਪੁਰ, 20 ਸਤੰਬਰ 2019 - ਸਿਮਰਜੀਤ ਬੈਂਸ ਦਾ ਆਪਣੇ ਸੈਂਕੜੇ ਸਮਰਥਕਾਂ ਸਮੇਤ ਬਟਾਲਾ ਵਿਖੇ ਪਹੁੰਚ ਕੇ ਧਰਨਾ ਦੇਣਾ ਅਤੇ ਬਟਾਲਾ ਪੁਲਿਸ ਵੱਲੋਂ ਧਰਨੇ ਨੂੰ ਧਿਆਨ ਵਿੱਚ ਰੱਖਦਿਆਂ ਭਾਰੀ ਮਾਤਰਾ ਵਿੱਚ ਫੋਰਸ ਦੀ ਤਾਇਨਾਤੀ ਕੀਤੀ ਸੀ। ਪਹਿਲੀ ਨਜ਼ਰੇ ਇਹ ਸਾਰਾ ਵਾਕਿਆ ਕੋਈ ਬਹੁਤਾ ਖ਼ਾਸ ਨਹੀਂ ਲੱਗਦਾ। ਪਰ ਵਿਚਲੀ ਗੱਲ ਇਸ ਨਾਲੋਂ ਕੀਤੇ ਵੱਧ ਗੰਭੀਰ ਸੀ, ਦੋਹਾਂ ਧਿਰਾਂ ਲਈ। ਇਸ ਧਰਨੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਭਰਾ ਬਟਾਲਾ ਹਾਦਸਾ ਪੀੜਤਾਂ ਨੂੰ ਇਨਸਾਨ ਦਿਵਾਉਣ ਲਈ ਗੰਭੀਰ ਨਜ਼ਰ ਆਏ ਸਨ, ਉੱਥੇ ਹੀ ਦੂਜੇ ਪਾਸੇ ਬੈਂਸ ਭਰਾਵਾਂ ਵੱਲੋਂ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਬਟਾਲਾ ਪੁਲਿਸ ਹੱਥ ਮਲਦੀ ਨਜ਼ਰ ਆਈ। ਕਾਰਨ ਬਿਲਕੁਲ ਸਾਫ਼ ਸੀ ਕਿ ਬੈਂਸ ਅਤੇ ਡੀ ਸੀ ਗੁਰਦਾਸਪੁਰ ਮਾਮਲੇ ਵਿੱਚ ਚੱਲ ਰਹੇ ਵਿਵਾਦ ਕਾਰਨ ਬੈਂਸ ਖ਼ਿਲਾਫ਼ ਵੱਖ ਵੱਖ ਗੈਰ ਜ਼ਮਾਨਤੀ ਧਾਰਾਵਾਂ ਅਧੀਨ ਬਟਾਲਾ ਵਿਖੇ ਹੀ ਮਾਮਲਾ ਦਰਜ ਹੈ ਅਤੇ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਨਾਲ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਹੜਤਾਲਾਂ ਕੀਤੀਆਂ ਜਾ ਰਹੀਆਂ ਸਨ। ਪਰ ਬੈਂਸ ਆਏ ਅਤੇ ਚਲੇ ਵੀ ਗਏ, ਪਰ ਬਟਾਲਾ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਕਤ ਮਸਲੇ ਦੇ ਸਬੰਧ ਵਿੱਚ ਜਦੋਂ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਤਾਇਨਾਤ ਐੱਸ.ਪੀ ਇਨਵੈਸਟੀਗੇਸ਼ਨ ਸੂਬਾ ਸਿੰਘ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਿਮਰਜੀਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਰਮਿਆਨ ਹੋਏ ਵਿਵਾਦ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਦੋਂ ਤੱਕ ਜਾਂਚ ਪੂਰੀ ਹੋਣ ਉਪਰੰਤ ਬਣਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।