ਲੋਕੇਸ਼ ਰਿਸ਼ੀ
ਗੁਰਦਾਸਪੁਰ, 20 ਸਤੰਬਰ 2019 - ਚੰਦ ਪੈਸਿਆਂ ਬਦਲੇ ਕਰਤਾਰਪੁਰ ਕਾਰੀਡੋਰ ਅਤੇ ਭਾਰਤੀ ਸੈਨਾ ਦੀਆਂ ਮਹੱਤਵਪੂਰਨ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਦੇ ਦੋਸ਼ਾਂ ਹੇਠ ਫੜੇ ਗਏ ਵਿਪਨ ਸਿੰਘ ਨੂੰ ਅੱਜ ਆਰਮੀ ਵੱਲੋਂ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਬਾਅਦ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਬਕਾਇਦਾ ਇੱਕ ਪੱਤਰਕਾਰ ਵਾਰਤਾ ਕਰ ਕੇ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਗਈ। ਹਾਲਾਂਕਿ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਮਾਮਲੇ ਸਬੰਧੀ ਡੁੰਘਾਈ ਨਾਲ ਜਾਣਕਾਰੀ ਦੇਣ ਤੋਂ ਅਸਮਰਥਤਾ ਵੀ ਅਮਰੀਕਾ ਕੀਤੀ। ਫ਼ਿਲਹਾਲ ਕਾਬੂ ਕੀਤੇ ਗਏ ਜਸੂਸ ਨੂੰ ਅਦਾਲਤ ਵਿਖੇ ਪੇਸ਼ ਕਰ ਕੇ ਉਸ ਦਾ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਉਸ ਕੋਲੋਂ ਲੋੜੀਂਦੀ ਪੁੱਛ ਗਿੱਛ ਲਈ ਉਸ ਨੂੰ ਅੰਮ੍ਰਿਤਸਰ ਵਿਖੇ ਸਥਿਤ ਹੈੱਡ ਕੁਆਟਰ ਵਿਖੇ ਭੇਜ ਦਿੱਤਾ ਜਾਵੇਗਾ।
ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਪੁਲਿਸ ਦੇ ਐੱਸ ਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ 17 ਤਰੀਕ ਨੂੰ ਆਰਮੀ ਇੰਟੈਲੀਜੈਂਸ ਵੱਲੋਂ ਸ਼ੱਕ ਦੇ ਅਧਾਰ ਤੇ ਪਵਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬੂਲੇ ਚੱਕ ਹਾਲ ਵਾਸੀ ਤਿੱਬੜੀ ਕੈਂਟ ਦੇ ਨਜ਼ਦੀਕ ਨੂੰ ਕਾਬੂ ਕਰ ਕੇ ਜਦੋਂ ਪੁੱਛ ਗਿੱਛ ਕੀਤੀ। ਤਾਂ ਮੁਲਜ਼ਮ ਨੇ ਪੈਸਿਆਂ ਬਦਲੇ ਦੇਸ਼ ਦੀਆਂ ਖ਼ੁਫ਼ੀਆ ਜਾਣਕਾਰੀਆਂ ਦੁਸ਼ਮਣ ਨੂੰ ਦੇਣ ਦੀ ਗੱਲ ਕਬੂਲੀ। ਇਸ ਦੇ ਨਾਲ ਹੀ ਵਿਪਨ ਨੇ ਇਹ ਵੀ ਕਬੂਲ ਕੀਤਾ ਕਿ ਉਹ ਸਾਲ 2018 ਤੋਂ ਪਾਕਿਸਤਾਨ ਦੇ ਪਿਸ਼ਾਵਰ ਵਾਸੀ ਨਜ਼ੀਰ ਅਹਿਮਦ ਦੇ ਸੰਪਰਕ ਵਿੱਚ ਸੀ ਅਤੇ ਇਸ ਦੌਰਾਨ ਵਿਪਨ ਨੇ ਆਪਣੇ ਦੇਸ਼ ਦੀਆਂ ਜਾਣਕਾਰੀਆਂ ਦੇਣ ਬਦਲੇ ਉਸ ਕੋਲੋਂ ਕਸ਼ਮੀਰੀ ਵਿਅਕਤੀਆਂ ਦੇ ਹਵਾਲੇ ਨਾਲ 3 ਵਾਰੀਆਂ 'ਚ 80 ਹਜ਼ਾਰ ਰੁਪਏ ਵੀ ਲਏ ਸਨ।
ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਗਿਆ ਜਸੂਸ ਗੁਰਦਾਸਪੁਰ ਦੇ ਤਿੱਬੜੀ ਕੈਂਟ ਅੰਦਰ ਸਥਿਤ ਹੈਂਡਲੂਮ ਦੀ ਦੁਕਾਨ ਤੇ 6 ਹਜ਼ਾਰ ਰੁਪਏ ਵਿੱਚ ਨੌਕਰੀ ਕਰਦਾ ਸੀ, ਇਸ ਲਈ ਉਸ ਦਾ ਆਰਮੀ ਕੈਂਟ ਅੰਦਰ ਜਦੋਂ ਮਰਜ਼ੀ ਦਾਖਲ ਹੋਣ ਸਬੰਧੀ ਬਾਕਾਇਦਾ ਪਾਸ ਬਣਿਆ ਹੋਇਆ ਸੀ ਅਤੇ ਇਸੇ ਚੀਜ਼ ਦਾ ਉਸ ਨੇ ਨਾਜਾਇਜ਼ ਫ਼ਾਇਦਾ ਚੁੱਕਦਿਆਂ ਚੰਦ ਪੈਸਿਆਂ ਬਦਲੇ ਦੇਸ਼ ਦੀਆਂ ਮਹੱਤਵਪੂਰਨ ਜਾਣਕਾਰੀਆਂ ਦੁਸ਼ਮਣ ਨੂੰ ਦਿੱਤੀਆਂ।