ਕੈਬਿਨੇਟ ਵਜ਼ੀਰ ਤ੍ਰਿਪਤ ਬਾਜਵਾ ਨੇ ਕੀਤੀ ਸੀ ਪਹਿਲ ਕਦਮੀ
ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 20 ਸਤੰਬਰ 2019 - ਪੰਜਾਬ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪਵਿੱਤਰ ਗਊਆਂ ਤੇ ਅਵਾਰਾ ਵਪਾਰਕ ਗਾਵਾਂ ਦੀ ਪਰਿਭਾਸ਼ਾ ਸਪਸ਼ਟ ਦੇ ਚੁੱਕੇ ਮੁੱਦੇ ਅਤੇ ਮਾਨਸਾ ਦੇ ਲੋਕਾਂ ਵੱਲੋਂ ਇਸ ਤੇ ਸ਼ੁਰੂ ਕੀਤੀ ਮੁਹਿੰਮ ਨੂੰ ਹੁਣ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਉਸਦਾ ਸਬੂਤ ਇਹ ਹੈ ਕਿ ਹੁਣ ਆਰ.ਐਸ.ਐਸ ਦੇ ਗਊ ਸਵਰਧਨ ਵਿੰਗ ਦੇ ਪੰਜਾਬ ਇੰਚਾਰਜ ਚੰਦਰ ਕਾਂਤ ਨੇ ਵੀ ਆਪਣੀ ਸਹਿਮਤੀ ਦਿੱਤੀ ਹੈ ਕਿ ਗਊਆਂ 'ਚ ਇਹ ਵਖਰੇਵਾਂ ਹੋਣਾ ਜਰੂਰੀ ਹੈ।
ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਨੇ ਕਿਹਾ ਕਿ ਆਰ.ਐਸ.ਐਸ ਦੇ ਪੰਜਾਬ ਅਤੇ ਗਊ ਸਵਰਧਨ ਵਿੰਗ ਦੇ ਪੰਜਾਬ ਇੰਚਾਰਜ ਚੰਦਰ ਕਾਂਤ ਦੀ ਟੀਮ ਤੋਂ ਇਹ ਸਹਿਮਤੀ ਮਿਲ ਚੁੱਕੀ ਹੈ ਕਿ ਦੇਸੀ ਗਾਵਾਂ ਤੇ ਅਮਰੀਕਨ ਬੇਸਹਾਰਾ ਗਾਵਾਂ 'ਚ ਫਰਕ ਹੈ।
ਉਨ੍ਹਾਂ ਕਿਹਾ ਕਿ ਅਮਰੀਕਨ ਨਸਲ ਦੀਆਂ ਬੇਸਹਾਰਾ ਗਾਵਾਂ ਦਾ ਹਿੰਦੂ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ ਤੇ ਉਹ ਪੂਜਣ ਯੋਗ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਨਸਲ ਦੇ ਪਸ਼ੂਆਂ ਦਾ ਦੁੱਧ ਵੀ ਦੇਸੀ ਗਾਵਾਂ ਦੇ ਦੁੱਧ ਦੇ ਮੁਕਾਬਲੇ ਘੱਟ ਗੁਣਕਾਰੀ ਹੁੰਦਾ ਹੈ। ਪਰ ਦੂਜੇ ਪਾਸੇ ਦੇਸੀ ਗਾਵਾਂ ਦਾ ਦੁੱਧ ਗੁਣਕਾਰੀ ਹੁੰਦਾ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੇਸੀ ਗਾਵਾਂ ਲਈ ਡੇਅਰੀ ਫਾਰਮ ਨੂੰ ਉਤਸ਼ਾਹ ਕਰਨਾ ਚਾਹੀਦਾ ਹੈ।
ਸੂਬੇ ਅੰਦਰ ਪਸ਼ੂਆਂ ਕਾਰਨ ਲਗਾਤਾਰ ਹੋਣ ਵਾਲੀਆਂ ਦੁਰਘਟਨਾਵਾਂ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਪੰਜਾਬ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰਾ ਬਾਜਵਾ ਵੱਲੋਂ ਗਊ ਮਾਤਾ ਤੇ ਅਵਾਰਾ ਗਾਵਾਂ 'ਚ ਪਹਿਚਾਣ ਕਰਨ ਬਾਰੇ ਹਿੰਦੂ ਸੰਸਥਾਵਾਂ ਤੇ ਕੇਂਦਰ ਅੱਗੇ ਮੁੱਦਾ ਰੱਖਿਆ ਗਿਆ ਸੀ। ਬਾਜਵਾ ਦਾ ਕਹਿਣਾ ਸੀ ਕਿ ਅਸੀਂ ਸਾਰੀਆਂ ਗਊਆਂ ਨੂੰ ਮਾਂ ਮੰਨਦੇ ਹਾਂ ਪਰ ਜਦੋਂ ਕਿ ਕ੍ਰਿਸ਼ਨ ਭਗਵਾਨ ਨੇ ਸਿਰਫ ਪਿੱਠ ‘ਤੇ ਹੰਪ ਵਾਲੀ ਗਾਂ ਨੂੰ ਹੀ ਮਾਂ ਦਾ ਦਰਜਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪਹਿਲਾਂ ਪੂਰੀ ਪਰਿਭਾਸ਼ਾ ਬਣਨੀ ਚਾਹੀਦੀ ਹੈ ਕਿ ਕਿਹੜੀਆਂ ਗਾਵਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ।
ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਅਵਾਰਾ ਪਸ਼ੂਆਂ 'ਤੇ ਠੱਲ੍ਹ ਪਾਉਣ ਲਈ ਅਗਲੀ ਕਾਰਵਾਈ ਕੀ ਕਰਦੀ ਹੈ।
ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਜਾਰੀ ਪ੍ਰੈੱਸ ਬਿਆਨ ਦੀ ਕਾਪੀ ਹੇਠ ਨੱਥੀ ਹੈ :-