ਪਟਿਆਲਾ, 20 ਸਤੰਬਰ 2019 - ਜਲ੍ਹਿਆਂ ਵਾਲਾ ਬਾਗ ਸ਼ਤਾਬਦੀ ਯਾਦਗਾਰੀ ਪ੍ਰਦਰਸ਼ਨੀ (1919-2019) 22 ਸਤੰਬਰ ਦਿਨ ਐਤਵਾਰ ਨੂੰ ਪਟਿਆਲਾ ਦੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਵਿਖੇ ਲਗਾਈ ਜਾਵੇਗੀ। ਇਸਦਾ ਉਦਘਾਟਨ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਇਸਮਤ ਵਿਜੇ ਸਿੰਘ 22 ਸਤੰਬਰ ਨੂੰ ਸਵੇਰੇ 11 ਵਜੇ ਕਰਨਗੇ ਕਰਨਗੇ ਅਤੇ ਇਹ ਪ੍ਰਦਰਸ਼ਨੀ 3 ਅਕਤੂਬਰ 2019 ਤੱਕ ਆਮ ਲੋਕਾਂ ਲਈ ਮੁਫ਼ਤ ਦਾਖਲੇ ਸਮੇਤ ਖੁੱਲ੍ਹੀ ਰਹੇਗੀ। ਇਹ ਜਾਣਕਾਰੀ ਦੀ ਆਰਟਸ ਐਂਡ ਕਲਚਰ ਹੈਰੀਟੇਜ ਟਰਸਟ ਨਵੀਂ ਦਿੱਲੀ ਦੀ ਉਪਰੇਸ਼ਨ ਅਧਿਕਾਰੀ ਮਿਸ. ਪਰੀ ਬਸ਼ਈਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਸਰਕਾਰ ਅਤੇ ਪਾਰਟੀਸ਼ਨ ਮਿਊਜੀਅਮ ਅੰਮ੍ਰਿਤਸਰ ਦਾ ਇੱਕ ਸਾਂਝਾ ਉਪਰਾਲਾ ਹੈ ਅਤੇ ਇੱਥੇ ਜਲ੍ਹਿਆਂ ਵਾਲਾ ਬਾਗ ਵਿਖੇ ਵਾਪਰੇ ਸਮੂਹਕ ਕਤਲੇਆਮ ਦੇ ਦੁਖਾਂਤ ਦੇ ਇਤਿਹਾਸ ਨੂੰ ਬਾਖੂਬੀ ਚਿਤਰਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਝਾਇਆ ਗਿਆ ਸੀ ਜਿਸ ਨੂੰ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਹੈਰੀਟੇਜ ਅਤੇ ਟੂਰਿਜਮ ਪ੍ਰਮੋਸ਼ਨ ਬੋਰਡ ਸ. ਐਮ.ਐਸ. ਜੱਗੀ ਵੱਲੋਂ ਸਿਰੇ ਚੜ੍ਹਾਇਆ ਗਿਆ। ਇਹ ਪ੍ਰਦਰਸ਼ਨੀ ਪਹਿਲਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਬਠਿੰਡਾ ਵਿਖੇ ਲਗਾਈ ਜਾ ਚੁੱਕੀ ਹੈ।
ਮਿਸ. ਪਰੀ ਮੁਤਾਬਕ ਵੰਡ ਦੇ ਮਿਊਜੀਅਮ ਦੀ ਖੋਜ਼ ਨੇ ਤਤਕਾਲੀ ਅਖ਼ਬਾਰਾਂ ਦੀਆਂ ਖ਼ਬਰਾਂ, ਫੋਟੋਆਂ ਆਦਿ ਸਮੇਤ ਹੋਰ ਦਸਤਾਵੇਜ ਸਾਹਮਣੇ ਲਿਆਂਦੇ ਹਨ। ਇਹ ਪ੍ਰਦਰਸ਼ਨੀ ਜਲ੍ਹਿਆਂਵਾਲਾ ਬਾਗ ਦੇ ਇਤਿਹਾਸ ਦੀ ਵਿਆਖਿਆ ਕਰੇਗੀ ਅਤੇ ਇਥੇ ਸ਼ਹੀਦ ਹੋਏ ਨਾਗਰਿਕਾਂ ਬਾਰੇ ਜਾਣੂ ਕਰਵਾਏਗੀ। ਇਹ ਪ੍ਰਦਰਸ਼ਨੀ 1919 ਦੇ ਪੰਜਾਬ ਬਾਰੇ ਨਵੀਂ ਜਾਣਕਾਰੀ ਦੇਵੇਗੀ ਅਤੇ ਇਸ ਦੁਖਾਂਤ ਮਗਰੋਂ ਲੋਕਾਂ ਦੇ ਜੀਵਨ 'ਤੇ ਕੀ ਪ੍ਰਭਾਵ ਪਿਆ, ਬਾਰੇ ਵੀ ਦੱਸੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਮੰਤਵ ਬਸਤੀਵਾਦ ਰਾਹੀਂ ਪੰਜਾਬ 'ਚ ਦਮਨਕਾਰੀ ਨੀਤੀਆਂ ਨੂੰ ਦਰਸਾਉਣਾ ਹੈ ਅਤੇ ਜਲ੍ਹਿਆਂ ਵਾਲਾ ਬਾਗ ਸਮੂਹਕ ਕਤਲੇਆਮ, ਇਸ ਦੀ ਇੱਕ ਪ੍ਰਤੱਖ ਮਿਸਾਲ ਸੀ, ਜਿਸ ਦਾ ਪ੍ਰਭਾਵ ਲੰਮੇ ਅਰਸੇ ਤੱਕ ਪੰਜਾਬ 'ਤੇ ਰਿਹਾ।