ਗੁਰਨਾਮ ਸਿੱਧੂ
ਫ਼ਿਰੋਜ਼ਪੁਰ 21 ਸਤੰਬਰ 2019 - ਪਿਛਲੇ ਲੰਮੇ ਸਮੇਂ ਤੋਂ ਫਿਰੋਜ਼ਪੁਰ ਲਈ ਮਨਜੂਰ ਹੋ ਚੁੱਕਾ ਪੀ ਜੀ ਆਈ (ਸੈਟੇਲਾਈਟ ਸੈਂਟਰ) ਚਿਰਾਂ ਤੋਂ ਸਿਆਸੀ ਖਹਿਬਾਜ਼ੀ ਕਾਰਨ ਲਟਕਦਾ ਆ ਰਿਹਾ ਹੈ, ਅਤੇ ਹੁਣ ਫਿਰ ਪੀ ਜੀ ਆਈ ਨੂੰ ਲੈ ਕੇ ਫ਼ਿਰੋਜ਼ਪੁਰ ਤੋਂ ਮੌਜ਼ੂਦਾ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਅਤੇ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਿਚਕਾਰ ਸੇਹਰਾ ਲੈਣ ਲਈ ਖੜਕ ਗਈ ਹੈ ਅਤੇ ਦੋਨਾਂ ਪਾਸਿਆਂ ਤੋਂ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।
ਵਰਨਯੋਗ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤੋਂ ਪੀ ਜੀ ਆਈ ਸੈਂਟਰ ਲਈ ਪਰਮਿੰਦਰ ਸਿੰਘ ਪਿੰਕੀ ਜੱਦੋ ਜਹਿਦ ਕਰਦੇ ਆ ਰਹੇ ਹਨ। ਫਿਰ ਸਰਕਾਰ ਬਦਲ ਗਈ ਅਤੇ ਮੰਨਜੂਰ ਹੋਏ ਪੀ ਜੀ ਆਈ ਲਈ ਜਗ੍ਹਾ ਨੂੰ ਲੈਕੇ ਭਾਜਪਾ ਦੇ ਤਤਕਾਲੀਨ ਪੰਜਾਬ ਪ੍ਰਧਾਨ ਕਮਲ ਸ਼ਰਮਾ ਅਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਿਚਕਾਰ ਖੜਕ ਗਈ। ਕਮਲ ਸ਼ਰਮਾ ਫ਼ਿਰੋਜ਼ਪੁਰ ਸ਼ਹਿਰ ਦੇ ਅੰਦਰ ਹੀ ਪੁਰਾਣੀ ਆਈ ਟੀ ਆਈ ਵਿਚ ਪੀ ਜੀ ਆਈ ਸੈਂਟਰ ਬਣਵਾਉਣਾ ਚਾਹੁੰਦੇ ਸਨ ਅਤੇ ਪਰਮਿੰਦਰ ਸਿੰਘ ਪਿੰਕੀ ਸ਼ਹਿਰ ਤੋਂ ਬਾਹਰ ਇਸ ਹੌਸਪੀਟਲ ਦੀ ਉਸਾਰੀ ਕਰਵਾਉਣਾ ਚਾਹੁੰਦੇ ਸਨ। ਇਹ ਘੈਂ-ਘੈ ਕਈ ਵਰ੍ਹੇ ਚਲਦੀ ਰਹੀ। ਫਿਰ ਪੰਜਾਬ ਵਿਚਲੀ ਸਰਕਾਰ ਬਦਲਣ 'ਤੇ ਭਾਵੇਂ ਕਮਲ ਸ਼ਰਮਾ ਗਰੁੱਪ ਵੱਲੋਂ ਜਗ੍ਹਾ ਦੇ ਨਾਂ 'ਤੇ ਹੋ ਰਹੀ ਦੇਰੀ ਤੋਂ ਪੈਰ ਪਿਛੇ ਖਿੱਚ ਲੈਣ ਨਾਲ ਪੀ ਜੀ ਆਈ ਲਈ ਥਾਂ ਮੁਕੱਰਰ ਹੋ ਗਈ ਸੀ। ਪਰ ਇਸ ਵਿਚ ਹੀ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰੀ ਸਿਹਤ ਮੰਤਰੀ ਨੂੰ ਮਿਲਣ ਤੋਂ ਬਾਅਦ ਪ੍ਰੈੱਸ ਨੂੰ ਦਿੱਤੇ ਗਏ ਇੱਕ ਬਿਆਨ ਵਿਚ ਕਿਹਾ ਗਿਆ ਕਿ ਜਲਦੀ ਹੀ ਪੀ ਜੀ ਆਈ ਸੈਂਟਰ ਦਾ ਨੀਹ ਪੱਥਰ ਰੱਖਿਆ ਜਾ ਰਿਹਾ ਹੈ। ਹੁਣ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੇਂਦਰ ਤੋਂ ਪੀ ਜੀ ਆਈ ਲਈ ਪੰਜ ਸੌ ਕਰੋੜ ਰੁਪਏ ਜਾਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅਕਾਲੀ - ਭਾਜਪਾ ਅਤੇ ਕਾਂਗਰਸੀਆਂ ਵਿਚਕਾਰ ਸੇਹਰਾ ਲੈਣ ਲਈ ਫਿਰ ਤੋਂ ਖੜਕ ਪਈ ਹੈ। ਸੋਸ਼ਲ ਮੀਡੀਆ 'ਤੇ ਆਪਣੇ - ਆਪਣੇ ਨੇਤਾਵਾਂ ਦੇ ਹੱਕ ਵਿੱਚ ਪੋਸਟਾਂ ਪਈਆਂ ਜਾ ਰਹੀਆਂ ਹਨ। ਕਈ ਪੇਜਾਂ 'ਤੇ ਤਾਂ "ਕਿਸ ਨੇ ਲਿਆਂਦਾ ਪੀ ਜੀ ਆਈ" ਲਿਖ ਕੇ ਵਿਚਾਰ ਲਏ ਜਾ ਰਹੇ ਹਨ। ਪਰ ਚਿਰਾਂ ਦੀ ਚੱਲੀ ਆ ਰਹੀ ਇਸ ਜ਼ਿੱਦਬਾਜ਼ੀ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਅਗਰ ਪੀ ਜੀ ਆਈ ਹੁੰਦਾ ਤਾਂ ਬਹੁਤੇ ਸੀਰੀਅਸ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਸੀ। ਕਿਉਕਿ ਫ਼ਿਰੋਜ਼ਪੁਰ ਪੁਰਾਣਾ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਸਿਹਤ ਸਹੂਲਤਾਂ ਤੋਂ ਵਾਂਝਾ ਹੀ ਚੱਲਿਆ ਆ ਰਿਹਾ ਹੈ। ਮਰੀਜ਼ ਦੇ ਗੰਭੀਰ ਹੋਣ ਦੀ ਸੂਰਤ ਵਿੱਚ ਲੁਧਿਆਣਾ ਜੋ ਕਿ ਇਥੋਂ 125 ਕਿਲੋਮੀਟਰ ਦੂਰ ਹੈ, ਹੀ ਲਿਜਾਣਾ ਪੈਂਦਾ ਹੈ। ਜਿਸ ਕਾਰਨ ਕਈ ਵਾਰ ਮਰੀਜ਼ ਦੀ ਰਾਸਤੇ ਵਿੱਚ ਹੀ ਮੌਤ ਹੋ ਜਾਂਦੀ ਹੈ। ਸਥਾਨਿਕ ਲੋਕ ਇਹਨਾਂ ਨੇਤਾਵਾਂ ਦੀ ਚੌਧਰ ਤੋਂ ਡਾਢੇ ਪ੍ਰੇਸ਼ਾਨ ਹੋ ਚੁੱਕੇ ਹਨ। ਲੋਕਾਂ ਲਈ ਤਾਂ ਭਾਵੇਂ ਕੋਈ ਮਰਜ਼ੀ ਪੀ ਜੀ ਆਈ ਸੈਂਟਰ ਲੈਕੇ ਆਵੇ ਉਸ ਨਾਲ ਕੋਈ ਮਤਲਬ ਨਹੀਂ, ਓਹਨਾ ਨੂੰ ਸਿਰਫ਼ ਸਹੂਲਤਾਂ ਚਾਹੀਦੀਆਂ ਹਨ। ਦੇਖਣਾ ਇਹ ਹੈ ਕਿ ਆਖਿਰ ਫਿਰੋਜ਼ਪੁਰੀਆਂ ਨੂੰ ਕਦੋਂ ਪੀ ਜੀ ਆਈ ਮਿਲਦਾ ਹੈ।