ਸੁਖਬੀਰ ਸਿੰਘ ਬਾਦਲ ,ਸਤਿੰਦਰਜੀਤ ਸਿੰਘ ਮੰਟਾ , ਦਵਿੰਦਰ ਸਿੰਘ ਬਾਬਲ, ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਦੇ ਨਾਲ ਖੁਸ਼ੀ ਦੇ ਰੌਂਅ ਵਿੱਚ ਪੂਰਨ ਚੰਦ ਮੁਜੈਦੀਆ । ਤਸਵੀਰ ਜਗਦੀਸ਼ ਥਿੰਦ
ਜਗਦੀਸ਼ ਥਿੰਦ
ਜਲਾਲਾਬਾਦ ਪੱਛਮੀ , 22 ਸਤੰਬਰ,2019 : ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਉੱਪ ਚੋਣ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਚੁਣੌਤੀ ਵਜੋਂ ਲੈ ਰਿਹਾ ਹੈ ।
ਨਰਦੇਵ ਸਿੰਘ ਬੌਬੀ ਮਾਨ
------------------------------------------------------------
ਸਤਿੰਦਰਜੀਤ ਸਿੰਘ ਮੰਟਾ
-----------------------+----+---------------------------
ਸ਼੍ਰੋਮਣੀ ਅਕਾਲੀ ਦਲ ਦੇ ਜਲਾਲਾਬਾਦ ਤੋਂ ਸੰਭਾਵੀ ਉਮੀਦਵਾਰਾਂ ਵਿੱਚੋਂ ਸਵਰਗੀ ਮੈਂਬਰ ਪਾਰਲੀਮੈਂਟ ਸਰਦਾਰ ਜ਼ੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬੌਬੀ ਮਾਨ ਦਾ ਨਾਮ ਵੀ ਮੋਹਰਲੀਆਂ ਸਫ਼ਾਂ ਵਿੱਚ ਹੈ ।
ਉਹ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਵੱਖ - ਵੱਖ ਅਹੁਦਿਆਂ , ਅਬੋਹਰ ਹਲਕੇ ਦੇ ਇੰਚਾਰਜ ਆਪਣੇ ਭਰਾ ਵਰਦੇਵ ਸਿੰਘ ਨੋਨੀ ਮਾਨ ਦੇ ਨਾਲ ਵਿਧਾਨ ਸਭਾ ਹਲਕਾ ਗੁਰੂ ਹਰਸਹਾੲੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਕੰਮ ਕਰਨ ਦੇ ਤਜਰਬੇਕਾਰ ਆਗੂ ਅਤੇ ਪਿੰਡ ਚੱਕ ਸੁਹੇਲ ਸਿੰਘ ਵਾਲਾ ਦੇ ਸਰਪੰਚ ਹਨ ।
ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀ ਅਤੇ ਜਲਾਲਾਬਾਦ ਹਲਕੇ ਦੇ ਸ਼ਹਿਰ ਪਿੰਡਾਂ ਅਤੇ ਖਾਸਕਰ ਸਰਹੱਦੀ ਖੇਤਰ ਦੇ ਪਿੰਡ ਵਿੱਚ ਤਗੜਾ ਲੋਕ ਆਧਾਰ ਰੱਖਦੇ ਸਤਿੰਦਰਜੀਤ ਸਿੰਘ ਮੰਟਾ ਦੇ ਨਾਮ ਉੱਪਰ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ।
ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀਆਂ ਪਿਛਲੇ ਸਮੇਂ ਵਿੱਚ ਲੜੀਆਂ ਵਿਧਾਨ ਸਭਾ ਚੋਣਾਂ ਅਤੇ ਕੁਝ ਮਹੀਨੇ ਪਹਿਲਾਂ ਲੜੀ ਗਈ ਲੋਕ ਸਭਾ ਚੋਣ ਵਿੱਚ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਹੈ ।
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਲਈ ਇਹ ਹਲਕਾ ਇਕ ਵਰਦਾਨ ਸਾਬਤ ਹੋਇਆ ਹੈ ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਜਦੋਂ ਸੁਖਬੀਰ ਬਾਦਲ ਦਾ ਚਚੇਰਾ ਭਰਾ ਮਨਪ੍ਰੀਤ ਸਿੰਘ ਬਾਦਲ , ਬਾਦਲ ਸਰਕਾਰ ਵਿੱਚ ਵਿੱਤ ਮੰਤਰੀ ਸੀ ਤਾਂ ਉਸ ਵਕਤ ਕੇਂਦਰ ਤੋਂ ਰਾਜ ਦੀ ਰਾਜਨੀਤੀ ਵਿੱਚ ਸਰਗਰਮ ਹੋਏ ਸੁਖਬੀਰ ਸਿੰਘ ਬਾਦਲ ਲਈ ਇਹ ਹਲਕਾ ਉਸ ਵਕਤ ਦੇ ਵਿਧਾਇਕ ਸ਼ੇਰ ਸਿੰਘ ਘੁਬਾਇਆ ਨੇ ਅਸਤੀਫਾ ਦੇ ਕੇ ਖਾਲੀ ਕੀਤਾ ਸੀ ।
ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇਸ ਹਲਕੇ ਤੋਂ ਲਗਾਤਾਰ ਜਿੱਤਾਂ ਦਰਜ ਕਰਦੇ ਆ ਰਹੇ ਹਨ ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਬਤੌਰ ਲੋਕ ਸਭਾ ਉਮੀਦਵਾਰ ਲੜੀ ਚੋਣ ਮੌਕੇ ਅਕਾਲੀ ਦਲ ਨੂੰ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਵੀ ਸ਼ਾਨਦਾਰ ਲੀਡ ਮਿਲੀ ।
ਜਿੱਤ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਲਗਾਤਾਰ ਇਸ ਹਲਕੇ ਅੰਦਰ ਧੰਨਵਾਦੀ ਦੌਰੇ ਕਰਕੇ ਵੋਟਰਾਂ ਨਾਲ ਰਾਬਤਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਇਸ ਹਲਕੇ ਤੋਂ ਵਿਧਾਨ ਸਭਾ ਚੋਣ ਲਈ ਉਹ ਉਮੀਦਵਾਰ ਪੂਰੀ ਸੰਜੀਦਗੀ ਨਾਲ ਦੇਣ ਦਾ ਇਰਾਦਾ ਪ੍ਰਗਟਾ ਚੁੱਕੇ ਹਨ ।
ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਹ ਇੱਕ ਵਾਰ ਫਿਰ ਜਲਾਲਾਬਾਦ ਹਲਕੇ ਤੋਂ ਹੀ ਵਿਧਾਇਕ ਦੀ ਚੋਣ ਲੜਨ ਨੂੰ ਤਰਜੀਹ ਦੇਣਗੇ ।
ਆਮ ਆਦਮੀ ਪਾਰਟੀ ਵੱਲੋਂ ਰਾਏ ਸਿੱਖ ਭਾਈਚਾਰੇ ਨਾਲ ਸਬੰਧਤ ਆਗੂ ਐਡਵੋਕੇਟ ਮਹਿੰਦਰ ਸਿੰਘ ਕਚੂਰਾ ਨੂੰ ਲੱਗਭਗ ਉਮੀਦਵਾਰ ਬਣਾ ਦਿੱਤੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਰਾਏ ਸਿੱਖ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲੈ ਸਕਦਾ ਹੈ ।
ਰਾਏ ਸਿੱਖ ਆਗੂਆਂ ਵਿੱਚੋਂ ਚਾਹੇ ਡਾਕਟਰ ਰਾਜ ਸਿੰਘ , ਪ੍ਰਿੰਸੀਪਲ ਸੁਖਤਿਆਰ ਸਿੰਘ ਲਈ ਪਿੰਡਾਂ ਵਿੱਚੋਂ ਆਵਾਜ਼ ਉੱਠ ਰਹੀ ਹੈ ਪਰ ਇਸ ਸਬੰਧੀ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀ ਪੂਰਨ ਚੰਦ ਮੁਜੈਦੀਆ ਦਾ ਪੱਲੜਾ ਭਾਰੀ ਦਿਖਾਈ ਦੇ ਰਿਹਾ ਹੈ ।
ਲੋਕ ਸਭਾ ਚੋਣ ਦੌਰਾਨ ਅਕਾਲੀ ਦਲ ਵਿੱਚ ਆਗੂਆਂ ਦੀ ਸ਼ਮੂਲੀਅਤ ਕਰਾਉਂਦੇ ਪੂਰਨ ਮੁਜੈਦੀਆ ਅਤੇ ਸਤਿੰਦਰਜੀਤ ਸਿੰਘ ਮੰਟਾ । ਤਸਵੀਰ : ਜਗਦੀਸ਼ ਥਿੰਦ
--------------------------------------------------------------
ਪੂਰਨ ਮੁਜੈਦੀਆ ਦੇ ਪਰਿਵਾਰਕ ਸਮਾਗਮਾਂ ਵਿੱਚ ਸੁਖਬੀਰ ਸਿੰਘ ਬਾਦਲ , ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ਸ਼ਮੂਲੀਅਤ ਕੀਤੀ ਜਾਂਦੀ ਰਹੀ ਹੈ ।
ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਚਾਹੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਕਾਂਗਰਸ ਟਿਕਟ ਉਪਰ ਰਾਏ ਸਿੱਖ ਭਾਈਚਾਰੇ ਨਾਲ ਸਬੰਧਤ ਆਗੂ ਸ਼ੇਰ ਸਿੰਘ ਘੁਬਾਇਆ ਵੱਲੋਂ ਚੋਣ ਲੜੀ ਜਾ ਰਹੀ ਸੀ ਪਰ ਪੂਰਨ ਚੰਦ ਮੁਜੈਦੀਆ ਵੱਲੋਂ ਸਤਿੰਦਰਜੀਤ ਸਿੰਘ ਮੰਟਾ , ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ , ਜੈਸਰਤ ਸਿੰਘ ਸੰਧੂ , ਹਰਭਜਨ ਕੰਬੋਜ ਸਰਪੰਚ , ਮਰਹੂਮ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ , ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਨੀ , ਸਾਬਕਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜਿਲਕਾ ਤੇਜਵੰਤ ਸਿੰਘ ਟੀਟਾ ਨਾਲ ਮਿਲ ਕੇ ਪਿੰਡਾਂ , ਸ਼ਹਿਰਾਂ ਅਤੇ ਕਸਬਿਆਂ ਵਿੱਚ ਧੂੰਆਂਧਾਰ ਪ੍ਰਚਾਰ ਕੀਤਾ । ਜਿਸ ਦੀ ਬਦੌਲਤ ਰਾਏ ਸਿੱਖ ਬਹੁਲਤਾ ਵਾਲੇ ਪਿੰਡਾਂ ਵਿੱਚੋਂ ਵੀ ਅਕਾਲੀ ਦਲ ਲੀਡ ਪ੍ਰਾਪਤ ਕਰਨ ਵਿਚ ਸਫਲ ਰਿਹਾ । ਇੱਥੋਂ ਤੱਕ ਕਿ ਸਾਬਕਾ ਮੈਂਬਰ ਪਾਰਲੀਮੈਂਟ ਆਪਣੇ ਪਿੰਡ ਘੁਬਾਇਆ ਵਿੱਚੋਂ ਵੀ ਅਕਾਲੀ ਦਲ ਤੋਂ ਪੱਛੜ ਗਏ ।
ਪੂਰਨ ਮੁਜੈਦੀਆ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਸ਼੍ਰੋਮਣੀ ਅਕਾਲੀ ਦਲ ਜਿੱਥੇ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਨੂੰ ਤਗੜੀ ਚੁਣੌਤੀ ਦੇਣਾ ਚਾਹੁੰਦਾ ਹੈ ਉਥੇ ਰਾਏ ਸਿੱਖ ਬਰਾਦਰੀ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਵੀ ਇਹ ਕਦਮ ਅਕਾਲੀ ਦਲ ਲਈ ਸਹਾਈ ਹੋ ਸਕਦਾ ਹੈ ।
ਕੁਝ ਵੀ ਹੋਵੇ ਇੱਕ ਵਾਰ ਫਿਰ ਜਲਾਲਾਬਾਦ ਦੀ ਧਰਤੀ ਤੇ ਪੰਜਾਬ ਦੇ ਮੰਤਰੀ ਘਰ - ਘਰ ਜਾ ਕੇ ਉਸ ਤਰ੍ਹਾਂ ਹੀ ਵੋਟਾਂ ਲਈ ਬੇਨਤੀ ਕਰਦੇ ਦਿਖਾਈ ਦੇਣਗੇ ਜਿਸ ਤਰ੍ਹਾਂ 2009 ਦੀ ਉਪ ਚੋਣ ਮੌਕੇ ਸੁਖਬੀਰ ਸਿੰਘ ਬਾਦਲ ਲਈ ਪੰਜਾਬ ਦੇ ਮੰਤਰੀਆਂ , ਵਿਧਾਇਕਾਂ , ਮੈਂਬਰ ਪਾਰਲੀਮੈਂਟ ਅਤੇ ਅਤੇ ਹੋਰ ਅਹੁਦੇਦਾਰਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ।