ਪਾਈਪ ਲਾਈਨ ਪੈਣ ਨਾਲ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਮਿਲੇਗੀ : ਸਿੱਧੂ
ਮੋਹਾਲੀ ਨੂੰ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ
ਐਸ. ਏ. ਐਸ. ਨਗਰ, 22 ਸਤੰਬਰ 2019: ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਫੇਜ਼-11 ਐਸ. ਏ. ਐਸ. ਨਗਰ ਵਿਖੇ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ 61 ਲੱਖ 77 ਹਜ਼ਾਰ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਟੱਕ ਲਾ ਕੇ ਸ਼ੁਰੂਆਤ ਕਰਵਾਈ ਗਈ। ਇਹ ਪਾਈਪ ਲਾਈਨ ਫੇਜ਼-11 ਦੀ ਕੋਠੀ ਨੰਬਰ 801 ਤੋਂ ਕੋਠੀ ਨੰਬਰ 987 ਤੱਕ ਵਿਛਾਈ ਜਾਵੇਗੀ।
ਸਿਹਤ ਮੰਤਰੀ ਨੇ ਇਸ ਮੌਕੇ ਕਰਵਾਏ ਗਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਵਾਟਰ ਸਪਲਾਈ ਦੀ ਪਾਈਪ ਲਾਈਨ ਪੈਣ ਨਾਲ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਮਿਲੇਗੀ ਅਤੇ ਘਰਾਂ ਵਿੱਚ ਘੱਟ ਪ੍ਰੈਸ਼ਰ ਨਾਲ ਪਾਣੀ ਆਉਣ ਦੀ ਸਮੱਸਿਆ ਹੱਲ ਹੋਣ ਨਾਲ ਰਾਹਤ ਮਿਲੇਗੀ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਸ਼ਹਿਰ ਦੇ ਕਿਸੇ ਹੋਰ ਇਲਾਕੇ ਵਿੱਚ ਵੀ ਜੇਕਰ ਪੀਣ ਵਾਲੇ ਪਾਣੀ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੜੀਵਾਰ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਅੱਗੋਂ ਵੀ ਵਿਕਾਸ ਕਾਰਜ ਕਰਵਾਉਣ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਇਸ ਮੌਕੇ ਹਲਕੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਮੁਹਾਲੀ ਹਲਕੇ ਨੂੰ ਪੂਰੇ ਪੰਜਾਬ ਵਿੱਚੋਂ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਜਿਥੇ ਹਲਕੇ ਦੀਆਂ ਸੜਕਾਂ ’ਤੇ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਉਥੇ ਕਰੋੜਾਂ ਰੁਪਏ ਦੀਆਂ ਤਜਵੀਜ਼ਾਂ ਤਿਆਰ ਕਰ ਕੇ ਭੇਜੀਆਂ ਹੋਈਆਂ ਹਨ। ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਨਵੇਂ ਟਿਊਬਵੈੱਲਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ’ਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਸਿਹਤ ਮੰਤਰੀ ਸ. ਸਿੱਧੂ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਨ ਦੇ ਨਾਲ-ਨਾਲ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਐਕਸੀਅਨ ਵਾਟਰ ਸਪਲਾਈ ਸ੍ਰੀ ਅਨਿਲ ਕੁਮਾਰ, ਐਸ. ਡੀ. ਓ. ਸ੍ਰੀ ਰਮਨਪ੍ਰੀਤ ਸਿੰਘ, ਜੂਨੀਅਰ ਇੰਜੀਨੀਅਰ ਸ੍ਰੀ ਚਰਨਜੀਤ ਸਿੰਘ, ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਸ੍ਰੀ ਹਰਦੀਪ ਸਿੰਘ ਸਰਾਓਂ ਕੌਂਸਲਰ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਵੈੱਲਫੇਅਰ ਐਸੋਸੀਏਸ਼ਨ ਫੇਜ਼-11 ਦੇ ਪ੍ਰਧਾਨ ਕੁਲਵੰਤ ਸਿੰਘ, ਵਾਈਸ ਪ੍ਰਧਾਨ ਸ੍ਰੀ ਪ੍ਰਕਾਸ਼ ਚੰਦ, ਵਾਈਸ ਪ੍ਰਧਾਨ ਸ੍ਰੀ ਚਰਨਜੀਤ ਸਿੰਘ, ਸ੍ਰੀ ਮਲੂਕ ਸਿੰਘ, ਸ੍ਰੀ ਕਰਮ ਸਿੰਘ, ਸਕੱਤਰ ਸ੍ਰੀ ਓਮਕਾਰ ਸਿੰਘ, ਸ੍ਰੀ ਬਾਲਾ ਸਿੰਘ, ਸ੍ਰੀ ਗੁਰਚਰਨ ਸਿੰਘ ਭਮਰਾ, ਠੇਕੇਦਾਰ ਗੁਰਮੇਲ ਸਿੰਘ, ਸ੍ਰੀ ਭੁਪਿੰਦਰ ਸਿੰਘ, ਸ੍ਰੀਮਤੀ ਸੁਰਜੀਤ ਕੌਰ ਸੈਣੀ, ਮਹਿਲਾ ਕਾਂਗਰਸ ਮੁਹਾਲੀ ਦੀ ਪ੍ਰਧਾਨ ਡਿੰਪਲ ਸੱਭਰਵਾਲ, ਕੈਪਟਨ ਹੰਸਾ ਸਿੰਘ, ਸ੍ਰੀ ਗੁਰਬਖਸ਼ੀਸ਼ ਸਿੰਘ ਅਤੇ ਸ੍ਰੀ ਜਸਵਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
ਕੈਪਸ਼ਨ : ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਫੇਜ਼-11 ਵਿਖੇ ਪਾਣੀ ਦੀ ਸਪਲਾਈ ਲਈ ਪਾਈ ਲਾਈਨ ਪਾਉਣ ਦੇ ਕੰਮ ਦੀ ਟੱਕ ਲਾ ਕੇ ਸ਼ੁਰੂਆਤ ਕਰਦੇ ਹੋਏ।
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਸਨਮਾਨ ਕਰਦੇ ਹੋਏ ਇਲਾਕੇ ਦੇ ਪਤਵੰਤੇ ਸੱਜਣ।