← ਪਿਛੇ ਪਰਤੋ
ਦੀਦਾਰ ਗੁਰਨਾ ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 23 ਸਤੰਬਰ: ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਹੁਨਰਮੰਦ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਉਲੀਕਿਆ ਗਿਆ ਰੋਜ਼ਗਾਰ ਮੇਲਿਆਂ ਦਾ ਸਿਲਸਿਲਾ ਰੋਜ਼ਗਾਰ ਦਰ ਵਿੱਚ ਵਾਧਾ ਕਰਨ 'ਚ ਲਾਭਦਾਇਕ ਸਾਬਤ ਹੋ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਪ੍ਰਤੀ ਪ੍ਰਾਰਥੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਇਸ ਦੌਰਾਨ ਵੱਖ-ਵੱਖ ਰੋਜ਼ਗਾਰਦਾਤਾ ਕੰਪਨੀਆਂ ਵੱਲੋਂ 1016 ਪ੍ਰਾਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਤੇ ਹੁਨਰ ਦੇ ਆਧਾਰ 'ਤੇ ਰੋਜ਼ਗਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਮੌਜੂਦਾ ਮਹੀਨੇ ਵਿੱਚ ਜ਼ਿਲ੍ਹੇ ਦੀਆਂ 9 ਸਬ ਡਵੀਜ਼ਨਾਂ ਵਿੱਚ ਰੋਜ਼ਗਾਰ ਮੇਲੇ ਲਗਾਉਣ ਦਾ ਸਿਲਸਿਲਾ ਆਰੰਭਿਆ ਗਿਆ ਹੈ ਜਿਸ ਤਹਿਤ ਹੁਣ ਤੱਕ ਆਯੋਜਿਤ 6 ਮੇਲਿਆਂ ਵਿੱਚ 4 ਹਜ਼ਾਰ ਤੋਂ ਵੱਧ ਲੋੜਵੰਦਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਘਰ ਘਰ ਰੋਜ਼ਗਾਰ ਪੋਰਟਲ ਅਤੇ ਰੋਜ਼ਗਾਰ ਮੇਲਿਆਂ ਵਿੱਚ ਰਜਿਸਟਰੇਸ਼ਨ ਕਰਵਾਉਣ ਪ੍ਰਤੀ ਉਮੀਦਵਾਰਾਂ ਵਿੱਚ ਵਧ ਰਿਹਾ ਉਤਸ਼ਾਹ ਸ਼ਲਾਘਾਯੋਗ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਕੋਈ ਵੀ ਹੁਨਰਮੰਦ ਵਿਅਕਤੀ ਬੇਰੋਜ਼ਗਾਰ ਨਾ ਰਹੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ ਅਤੇ ਐਸ.ਡੀ.ਐਮ ਸੁਨਾਮ ਸ਼੍ਰੀਮਤੀ ਮਨਜੀਤ ਕੌਰ ਵੀ ਉਨ੍ਹਾਂ ਦੇ ਨਾਲ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਅਨੁਮਾਨਤ 5 ਹਜ਼ਾਰ ਲੋੜਵੰਦਾਂ ਨੂੰ ਨੌਕਰੀਆਂ ਦੇਣ ਦਾ ਟੀਚਾ ਮਿਥਿਆ ਗਿਆ ਸੀ ਪਰ ਵਿਭਾਗੀ ਅਧਿਕਾਰੀਆਂ ਦੀ ਪ੍ਰੇਰਨਾ ਸਦਕਾ ਰੋਜ਼ਗਾਰਦਾਤਾਵਾਂ ਵੱਲੋਂ ਰੋਜ਼ਗਾਰ ਮੁਹੱਈਆ ਕਰਵਾਉਣ ਪ੍ਰਤੀ ਦਿਖਾਏ ਜਾ ਰਹੇ ਉਤਸ਼ਾਹ ਸਦਕਾ ਇਹ ਅੰਕੜਾ ਯਕੀਨੀ ਤੌਰ 'ਤੇ 5 ਹਜ਼ਾਰ ਤੋਂ ਵੀ ਪਾਰ ਕਰੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘਰ ਘਰ ਰੋਜ਼ਗਾਰ ਪੋਰਟਲ 'ਤੇ ਕੋਈ ਵੀ ਨੌਜਵਾਨ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ ਅਤੇ ਰਜਿਸਟਰਡ ਹੋਣ ਤੋਂ ਬਾਅਦ ਉਸਨੂੰ ਸਬ-ਡਵੀਜ਼ਨਾਂ ਵਿੱਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਸਬੰਧੀ ਅਗੇਤੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਦਸਤਾਵੇਜ਼ ਅਤੇ ਤਜਰਬੇ ਦੇ ਵੇਰਵੇ ਲੈ ਕੇ ਮੌਕੇ 'ਤੇ ਪਹੁੰਚ ਕਰ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕੁਝ ਪ੍ਰਾਰਥੀਆਂ ਨੂੰ ਉਨ੍ਹਾਂ ਦੀ ਚੋਣ ਦੇ ਆਧਾਰ 'ਤੇ ਰੋਜ਼ਗਾਰ ਸਬੰਧੀ ਸਰਟੀਫਿਕੇਟਾਂ ਦੀ ਵੰਡ ਵੀ ਕੀਤੀ ਗਈ। ਅੱਜ ਮੇਲੇ ਦੌਰਾਨ 1447 ਪ੍ਰਾਰਥੀਆਂ ਵੱਲੋਂ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਜਿਨ੍ਹਾਂ ਵਿੱਚੋਂ 1016 ਨੂੰ ਰੋਜ਼ਗਾਰ ਲਈ ਯੋਗ ਚੁਣਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 25 ਸਤੰਬਰ ਨੂੰ ਕੇ.ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨ ਪਿੰਡ ਫਤਿਹਗੜ੍ਹ ਲਹਿਰਾ, 27 ਸਤੰਬਰ ਨੂੰ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਅਤੇ 30 ਸਤੰਬਰ ਨੂੰ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਕਾਲਜ ਸੰਗਰੂਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ। ਇਸ ਮੌਕੇ ਮੇਲੇ ਵਿੱਚ ਸ਼ਾਮਲ ਹੋਏ ਵੱਡੀ ਗਿਣਤੀ ਪ੍ਰਾਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ ਘਰ ਰੋਜ਼ਗਾਰ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਦੇ ਉਦਮ ਸਦਕਾ ਉਨ੍ਹਾਂ ਦੀਆਂ ਉਮੀਦਾਂ ਨੂੰ ਫ਼ਲ ਲੱਗ ਰਿਹਾ ਹੈ। ਇਸ ਮੌਕੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਵੀ ਪ੍ਰਾਰਥੀਆਂ ਨੂੰ ਕਿੱਤਾਮੁਖੀ ਕੋਰਸਾਂ ਤੇ ਸਵੈ ਰੋਜ਼ਗਾਰ ਆਰੰਭ ਕਰਨ ਲਈ ਮੁਹੱਈਆ ਕਰਵਾਈ ਜਾਂਦੀ ਸਬਸਿਡੀ ਅਤੇ ਬੈਂਕਾਂ ਰਾਹੀਂ ਮਿਲਣ ਵਾਲੇ ਕਰਜ਼ਿਆਂ ਬਾਰੇ ਜਾਣਕਾਰੀ ਦਿੱਤੀ ਅਤੇ 73 ਪ੍ਰਾਰਥੀਆਂ ਦੀ ਸਵੈ ਰੋਜ਼ਗਾਰ ਲਈ ਰਜਿਸਟਰੇਸ਼ਨ ਕਰਵਾਈ। ਵਿਭਾਗੀ ਮੁਖੀਆਂ ਨੇ ਕਿਹਾ ਕਿ ਸਹਾਇਕ ਧੰਦਿਆਂ ਅਤੇ ਹੁਨਰ ਵਿਕਾਸ 'ਤੇ ਆਧਾਰਿਤ ਕੋਰਸਾਂ ਦੀ ਸਿਖਲਾਈ ਲੈਣ ਮਗਰੋਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਆਪਣਾ ਰੁਝਾਨ ਇਨ੍ਹਾਂ ਖੇਤਰਾਂ ਵਿੱਚ ਵਧਾਉਣ ਦੀ ਜ਼ਰੂਰਤ ਹੈ।
Total Responses : 189