ਪਟਿਆਲਾ, 25 ਸਤੰਬਰ 2019 - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਰੇ ਦਫ਼ਤਰਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਵਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੂੰ ਦੁਆ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੁਹਿਮ ਦੀ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਆਰੰਭੀ ਪਲਾਸਟਿਕ ਮੁਕਤ ਭਾਰਤ ਮੁਹਿੰਮ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਪਲਾਸਟਿਕ ਕੈਰੀ ਬੈਗਜ ਤੇ ਪਹਿਲਾਂ ਹੀ ਪਾਬੰਦੀ ਲਗਾਈ ਹੋਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਸੰਬੋਧਨ ਹੁੰਦਿਆ ਪ੍ਰੋ: ਮਰਵਾਹਾ ਨੇ ਕਿਹਾ ਪਲਾਸਿਟਕ ਨੇ ਜਿੱਥੇ ਸਾਡੀ ਆਮ ਜਿੰਦਗੀ ਵਿੱਚ ਵੱਡੀ ਕ੍ਰਾਂਤੀ ਲਿਆਂਦੀ ਹੈ ਉੱਥੇ ਇਸ ਦੀ ਬੇਲੋੜੀ ਵਰਤੋਂ ਨੇ ਸਮੁੱਚੇ ਸੰਸਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰਤ ਵਿੱਚ ਲਗਭਗ 26 ਹਜ਼ਾਰ ਮੀਟਿਰਿਕ ਟਨ ਪਲਾਸਟਿਕ ਕਚਰਾ ਰੋਜ ਪੈਦਾ ਹੋ ਰਿਹਾ ਹੈ ਜਿਸ ਦਾ ਸਿਰਫ਼ 40 ਪ੍ਰਤੀਸਤ ਹੀ ਮੁੜ ਵਰਤੋਂ ਵਿੱਚ ਆ ਰਿਹਾ ਹੈ ਜਦਕਿ ਬਾਕੀ ਦੇ ਕਚਰੇ ਨੇ ਨਦੀਆਂ, ਨਾਲਿਆਂ, ਦਰਿਆਵਾਂ ਸਮੁੰਦਰਾਂ, ਪਹਾੜਾ ਅਤੇ ਧਰਤੀ ਨੂੰ ਗੰਧਲਾ ਕਰਦਿਆਂ ਇਹਨਾ ਦੀ ਦਿਖ ਵਿਗਾੜੀ ਹੈ। ਲੱਖਾਂ ਸਮੁੰਦਰੀ ਜੀਵ ਆਏ ਸਾਲ ਪਲਾਸਟਿਕ ਦੇ ਕਚਰੇ ਦੀ ਭੇਟ ਚੜ ਰਹੇ ਹਨ।
ਪ੍ਰੋ: ਮਰਵਾਹਾ ਨੇ ਅੱਗੇ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਇੱਕ ਵੱਡੀ ਮੁਹਿੰਮ 2 ਅਕਤੂਬਰ ਨੂੰ ਆਰੰਭ ਕੀਤੀ ਜਾ ਰਹੀ ਹੈ ਜਿਸ ਵਿੱਚ ਬੋਰਡ ਦੇ ਸਮੁੱਚੇ ਸਟਾਫ ਤੋਂ ਇਲਾਵਾ ਮਿਊਂਸੀਪਲ ਕਾਰਪੋਰੇਸ਼ਨ ਪਟਿਆਲਾ, ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਮੁਹਿੰਮ ਦਾ ਆਰੰਭ 2 ਅਕਤੂਬਰ ਨੂੰ ਮਹਾਰਾਣੀ ਪ੍ਰਨੀਤ ਕੌਰ, ਮੈਬਰ ਪਾਰਲੀਆਮੈਟ ਪਟਿਆਲਾ ਦੁਆਰਾ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਤਹਿਤ 28 ਅਕਤੂਬਰ ਤੱਕ ਸਮੁੱਚੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦਾ ਵੱਡਾ ਹੰਭਲਾ ਮਾਰਿਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੁਆਰਾ ਸੁਲਤਾਨਪੁਰ ਲੋਧੀ ਨੂੰ ਪੰਜਾਬ ਦਾ ਪਹਿਲਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਵੀ ਹਦਾਇਤਾਂ ਪ੍ਰਾਪਤ ਹੋਈਆਂ ਹਨ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਜਨਮ ਉਤਸਵ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਦਾ ਪਲਾਸਟਿਕ ਮੁਕਤ ਸ਼ਹਿਰ ਵਿੱਚ ਸਵਾਗਤ ਕੀਤਾ ਜਾ ਸਕੇ।
ਪ੍ਰੋ: ਮਰਵਾਹਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਪਲਾਸਿਟਕ ਮੁਕਤ ਕਰਨ ਲਈ ਸਾਰੇ ਨਾਗਰਿਕ ਆਪਣੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਨਿਭਾਉਦੇ ਹੋਏ ਬੋਰਡ ਦਾ ਸਾਥ ਦੇਣ।