ਜੀ ਐਸ ਪੰਨੂ
ਪਟਿਆਲਾ, 28 ਸਤੰਬਰ 2019 - ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਅੱਜ ਸੂਬੇ ਦੇ ਸਮੂਹ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਪਟਿਆਲਾ ਵਿਖੇ ਕੀਤੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸੂਬੇ 'ਚ ਅਮਨ ਕਾਨੂੰਨ ਤੇ ਨਸ਼ਿਆਂ ਵਰਗੇ ਮੁੱਦਿਆਂ ਸਮੇਤ ਹੋਰ ਕਈ ਪਹਿਲੂਆਂ 'ਤੇ ਵਿਚਾਰ ਵਟਾਂਦਰਾ ਕੀਤਾ। ਪਟਿਆਲਾ ਦੀ ਪੁਲਿਸ ਲਾਈਨ ਵਿਖੇ ਹੋਈ ਇਸ ਉੱਚ ਪੱਧਰੀ ਮੀਟਿੰਗ ਦੌਰਾਨ ਪੁਲਿਸ ਵਿਭਾਗ ਦੇ ਸਮੂਹ ਏ.ਡੀ.ਜੀ.ਪੀ., ਆਈ.ਜੀ., ਪੁਲਿਸ ਕਮਿਸ਼ਨਰ ਅਤੇ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਛੱਡਕੇ ਸੂਬੇ ਦੇ ਸਮੂਹ ਜ਼ਿਲ੍ਹਿਆ ਦੇ ਪੁਲਿਸ ਮੁਖੀ ਵੀ ਹਾਜ਼ਰ ਸਨ।
ਮੀਟਿੰਗ ਉਪਰੰਤ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਦੀ ਇਸ ਮੀਟਿੰਗ 'ਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਅਮਨ ਕਾਨੂੰਨ ਅਤੇ ਨਸ਼ਿਆਂ ਸਮੇਤ ਹੋਰ ਕਈ ਨਾਜ਼ੁਕ ਮੁੱਦਿਆਂ 'ਤੇ ਪੁਲਿਸ ਵੱਲੋਂ ਵੱਖ-ਵੱਖ ਫਰੰਟਾਂ 'ਤੇ ਕੀਤੇ ਜਾ ਰਹੇ ਤੇ ਕੀਤੇ ਜਾਣ ਵਾਲੇ ਕੰਮਾਂ 'ਤੇ ਖੁੱਲਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰੇਕ ਜ਼ਿਲ੍ਹੇ ਦੇ ਕੰਮਕਾਜ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਨੇੜੇਓ ਹਥਿਆਰਾਂ ਦੀ ਹੋਈ ਬਰਾਮਦਗੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਇਸ ਮੁੱਦੇ 'ਤੇ ਸਹੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਦੇ ਡੀ.ਜੀ. ਨੇ ਵੀ ਬੀਤੇ ਕੱਲ ਬਾਰੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ ਅਤੇ ਉਹ ਵੀ ਬਾਂਰਡਰ ਰੇਂਜ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਏ ਹਨ। ਡੀ.ਜੀ.ਪੀ. ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਸ਼ਾਂਤਮਈ ਮਾਹੌਲ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਪੰਜਾਬ ਪੁਲਿਸ ਹਰੇਕ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੇ ਸਮਰੱਥ ਹੈ।ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਗੁਰਦਾਸਪੁਰ ਵਿੱਚ ਅਲਰਟ ਨਹੀ ਚੋੋਕਸੀ ਕੀਤੀ ਗਈ ਹੈ। ਇਕ ਹੋਰ ਜਵਾਬ ਵਿੱਚ ਕਿਹਾ ਕਿ ਸਾਰੀਆਂ ਫੋਰਸਾਂ ਆਪੋ ਆਪਣਾ ਸਹੀ ਕੰਮ ਕਰ ਰਹੀਆਂ ਹਨ ਅਤੇ ਜੰਮੂ ਕਸ਼ਮੀਰ ਵਲੋਂ ਕੋਈ ਖਾਸ ਪਹੁੰਚ ਨਹੀਂ ਹੈ।
ਇਸ ਮੀਟਿੰਗ ਵਿੱਚ ਪੰਜਾਬ ਦੇ ਡੀ.ਜੀ.ਪੀ. ਗੁਪਤਾ ਤੋਂ ਇਲਾਵਾ ਸਪੈਸ਼ਲ ਡੀ.ਜੀ.ਪੀ. ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪ੍ਰਬੋਦ ਕੁਮਾਰ, ਏ.ਡੀ.ਜੀ.ਪੀ. ਐਡਮਿਨ ਗੌਰਵ ਯਾਦਵ, ਏ.ਡੀ.ਜੀ.ਪੀ. ਸੁਰੱਖਿਆ ਵਰਿੰਦਰ ਕੁਮਾਰ, ਏ.ਡੀ.ਜੀ.ਪੀ. ਲਾਅ ਐਂਡ ਆਰਡਰ ਈਸ਼ਵਰ ਸਿੰਘ, ਏ.ਡੀ.ਜੀ.ਪੀ. ਪੀ.ਏ.ਪੀ.ਕੁਲਦੀਪ ਸਿੰਘ, ਆਈ.ਜੀ. ਕਮਾਂਡੋ ਕਮ ਐਸ.ਓ.ਜੀ. ਸ੍ ਏ.ਕੇ. ਪਾਂਡੇ, ਡੀ.ਜੀ.ਪੀ. ਦੇ ਸਪੈਸ਼ਲ ਆਫਿਸਰ ਸੁਰਿੰਦਰਾ ਲਾਂਬਾ, ਆਈ.ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ, ਆਈ.ਜੀ. ਜਲੰਧਰ ਰੇਂਜ ਅਤੇ ਸਾਈਬਰ ਕਰਾਈਮ ਨੌਨਿਹਾਲ ਸਿੰਘ, ਆਈ.ਜੀ. ਬਠਿੰਡਾ ਰੇਂਜ ਅਰੁਣ ਕੁਮਾਰ ਮਿੱਤਲ, ਆਈ.ਜੀ. ਫਿਰੋਜ਼ਪੁਰ ਰੇਂਜ ਬੀ. ਚੰਦਰਾਸ਼ੇਖਰ, ਆਈ.ਜੀ. ਕਾਊਂਟਰ ਇਨਟੈਂਲੀਜੈਸ਼ ਪੰਜਾਬ ਅਮਿਤ ਪ੍ਰਸ਼ਾਦ, ਕਮਿਸ਼ਨਰ ਜਲੰਧਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਸਮੇਤ ਬਾਂਰਡਰ ਰੇਂਜ ਅੰਮ੍ਰਿਤਸਰ ਨੂੰ ਛੱਡਕੇ ਪੰਜਾਬ ਦੇ ਸਮੂਹ ਜ਼ਿਲ੍ਹਿਆ ਦੇ ਜ਼ਿਲ੍ਹਾ ਪੁਲਿਸ ਮੁਖੀ ਵੀ ਹਾਜ਼ਰ ਸਨ।