ਪਟਿਆਲਾ, 1 ਅਕਤੂਬਰ 2019 - ਪਟਿਆਲਾ ਸ਼ਹਿਰ ਦੇ ਚੌਤਰਫ਼ਾ ਵਿਕਾਸ ਨੂੰ ਯਕੀਨੀ ਬਣਾਉਣ ਸਮੇਤ ਹਰੇਕ ਵਾਰਡ ਦੇ ਵਿੱਚ ਸਮੁੱਚੇ ਕਾਰਜਾਂ ਨੂੰ ਪਹਿਲ ਦੇ ਅਧਾਰ 'ਤੇ ਨੇਪਰੇ ਚੜ੍ਹਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਅੱਜ ਆਪਣਾ ਅਹੁਦਾ ਸੰਭਾਲਣ ਸਮੇਂ ਕੀਤਾ। ਆਈ.ਏ.ਐਸ. ਅਧਿਕਾਰੀ ਸ੍ਰੀਮਤੀ ਪੂਨਮਦੀਪ ਕੌਰ ਇਸ ਤੋਂ ਪਹਿਲਾਂ ਪਟਿਆਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਸ੍ਰੀਮਤੀ ਪੂਨਮਦੀਪ ਕੌਰ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ ਸਮੇਤ ਸਾਰੇ ਕੌਂਸਲਰਾਂ ਦੀ ਸਲਾਹ ਨਾਲ ਹਰ ਇੱਕ ਵਾਰਡ 'ਚ ਵਿਕਾਸ ਕੰਮਾਂ ਨੂੰ ਨੇਪਰੇ ਚੜ੍ਹਾਉਣਾਂ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ।
ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਚੱਲ ਰਹੀ ਸਵੱਛਤਾ ਮੁਹਿੰਮ ਅਤੇ ਸਵੱਛ ਭਾਰਤ ਅਭਿਆਨ 'ਚ ਪਟਿਆਲਾ ਸ਼ਹਿਰ ਦੀ ਰੈਂਕਿੰਗ ਨੂੰ ਸੁਧਾਰਨਾ ਅਤੇ ਸ਼ਹਿਰ ਨੂੰ ਪਲਾਸਟਿਕ ਅਤੇ ਗੰਦਗੀ ਮੁਕਤ ਕਰਨਾ ਵੀ ਉਨ੍ਹਾਂ ਦੀਆਂ ਤਰਜੀਹਾਂ 'ਚ ਸ਼ਾਮਲ ਹੈ।
ਨਵੇਂ ਕਮਿਸ਼ਨਰ ਨੇ ਕਿਹਾ ਕਿ ਉਹ ਪਟਿਆਲਾ ਵਾਸੀਆਂ ਦੀਆਂ ਨਗਰ ਨਿਗਮ ਦੇ ਸਬੰਧ ਵਿੱਚ ਮੁਸ਼ਕਿਲਾਂ ਦੇ ਨਿਪਟਾਰੇ ਲਈ ਸਦਾ ਤਤਪਰ ਰਹਿਣਗੇ ਅਤੇ ਕੋਈ ਵੀ ਪਟਿਆਲਾ ਦਾ ਵਸਨੀਕ ਸ਼ਹਿਰ ਦੇ ਵਿਕਾਸ ਅਤੇ ਬਿਹਤਰੀ ਲਈ ਸੁਝਾਉ ਦੇਣ ਲਈ ਉਨ੍ਹਾਂ ਦੇ ਦਫ਼ਤਰ ਆ ਸਕਦਾ ਹੈ। ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅਵਿਕੇਸ਼ ਗੁਪਤਾ, ਐਸ.ਈ. ਸ੍ਰੀ ਐਮ.ਐਮ. ਸਿਆਲ ਅਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।