ਪਟਿਆਲਾ, 3 ਅਕਤੂਬਰ 2019 - ਜ਼ਿਲ੍ਹੇ 'ਚ ਹੋਣ ਵਾਲੀਆ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਫਰਜੀ ਵੋਟਾਂ ਰੋਕਣ ਲਈ ਸਹੀ ਵੋਟ ਅੰਕੜਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ 'ਚ ਮ੍ਰਿਤਕ ਵੋਟਰਾਂ ਦੇ ਨਾਮ ਹਰ ਮਹੀਨੇ ਵੋਟਰ ਲਿਸਟ ਵਿੱਚੋਂ ਕਟਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਚ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਹੀ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਤਹਿਤ ਹਰੇਕ ਵੋਟਰ ਆਪਣੀ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੋਟ ਵੈਰੀਫਾਈ ਕਰਵਾ ਰਿਹਾ ਹੈ। ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਦਰੁੱਸਤ ਵੋਟਰ ਸੂਚੀ ਤਿਆਰ ਕੀਤੀ ਜਾਣੀ ਹੈ। ਇਸ ਲਈ ਜ਼ਰੂਰੀ ਹੈ ਕਿ ਮਰ ਚੁੱਕੇ ਵਿਅਕਤੀਆਂ ਦੇ ਨਾਮ ਵੋਟਰ ਸੂਚੀ ਤੋਂ ਹਟਾ ਦਿੱਤੇ ਜਾਣ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਰਜਿਸ਼ਟਰੇਸ਼ਨ ਆਫ ਇਲੈਕਟਰੋਲ ਰੂਲ 1960 ਦੇ ਨਿਯਮ ਸੰਖਿਆ 9 ਤਹਿਤ ਹਰ ਸਾਲ ਇੱਕ ਜਨਵਰੀ ਅਤੇ ਇੱਕ ਜੁਲਾਈ ਤੱਕ ਮ੍ਰਿਤਕ ਵਿਅਕਤੀਆਂ ਦਾ ਛਿਮਾਹੀ ਅੰਕੜਾ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸਮੇਂ ਵਿੱਚ ਅਨੇਕ ਮ੍ਰਿਤਕ ਵਿਅਕਤੀਆਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ਼ ਹਨ ਅਜਿਹੇ ਵਿੱਚ ਸਮਾਂਬੱਧ ਤਰੀਕੇ ਨਾਲ ਸੋਧ ਜ਼ਰੂਰੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਿਵਲ ਸਰਜਨ, ਡੀ.ਡੀ.ਪੀ.ਓ., ਨਗਰ ਨਿਗਮ ਦੇ ਕਮਿਸ਼ਨਰ ਅਤੇ ਸਾਰੇ ਕਾਰਜ ਸਾਧਕ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮ੍ਰਿਤਕ ਵਿਅਕਤੀਆਂ ਦੇ ਅੰਕੜੇ ਇਕੱਤਰ ਕਰਕੇ ਹਰ ਮਹੀਨੇ ਜ਼ਿਲ੍ਹਾ ਚੋਣ ਦਫ਼ਤਰ ਜਾਂ ਸਬੰਧਿਤ ਚੋਣ ਰਜਿਸ਼ਟਰੇਸ਼ਨ ਅਫ਼ਸਰ ਨੂੰ ਦਿੱਤੇ ਜਾਣ।
ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਸ਼ਮਸ਼ਾਨਘਾਟਾਂ ਦੇ ਪ੍ਰਧਾਨਾਂ ਅਤੇ ਕਬਿਰਸਤਾਨਾਂ ਦੇ ਇੰਚਾਰਜਾਂ ਸਮੇਤ ਵੱਖ-ਵੱਖ ਵਿਭਾਗ ਦੇ ਨਾਲ ਹੋਈ ਮੀਟਿੰਗ ਵਿੱਚ ਕਿਹਾ ਕਿ ਸ਼ਮਸ਼ਾਨਘਾਟ ਪ੍ਰਧਾਨ ਅਤੇ ਕਬਿਰਸਤਾਨਾਂ ਦੇ ਇੰਚਾਰਜ ਮ੍ਰਿਤਕ ਵਿਅਕਤੀਆਂ ਦੇ ਨਾਮ, ਪਤੇ ਦੇ ਨਾਲ ਉਹਨਾਂ ਦੇ ਵੋਟਰ ਕਾਰਡ ਦੀ ਜਾਣਕਾਰੀ ਵੀ ਲੈਣ, ਜਿਸ ਵਿੱਚ ਉਹਨਾਂ ਦਾ ਨੰਬਰ ਦਰਜ਼ ਹੈ। ਅਜਿਹਾ ਕਰਨ ਨਾਲ ਵੋਟਰ ਦੀ ਪਹਿਚਾਣ ਕਰਨ ਵਿੱਚ ਆਸਾਨੀ ਹੋਵੇਗੀ ਅਤੇ ਇਸ ਤੋਂ ਬਾਅਦ ਬੀ.ਐਲ.ਓ. ਉਕਤ ਵਿਅਕਤੀ ਦੇ ਘਰ ਜਾ ਕੇ ਤਸਦੀਕ ਕਰੇਗਾ। ਉਹਨਾਂ ਕਿਹਾ ਕਿ ਵਰਤਮਾਨ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਇੱਕ ਜਨਵਰੀ ਤੋਂ ਲੈ ਕੇ 30 ਸਤੰਬਰ ਤੱਕ ਦਾ ਬਿਊਰਾ ਦੇਣਾ ਹੋਵੇਗਾ ਅਤੇ ਇਸ ਤੋਂ ਬਾਅਦ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਮ੍ਰਿਤਕ ਵੋਟਰਾਂ ਦਾ ਅੰਕੜਾ ਉਪਲੱਬਧ ਕਰਵਾਇਆ ਜਾਵੇ।
ਇਸ ਮੌਕੇ ਚੋਣ ਅਧਿਕਾਰੀਆਂ ਤੋਂ ਇਲਾਵਾ ਸਿਵਲ ਸਰਜਨ ਡਾ: ਹਰੀਸ਼ ਮਲਹੋਤਰਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।