ਸਰੀ, ਕੈਨੇਡਾ, 8 ਅਕਤੂਬਰ 2019 - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮਾਂ ਦੀ ਲੜੀ ਦੌਰਾਨ ਅੱਜ ਸਰੀ, ਪੰਜਾਬ ਹਾਲ 'ਚ ਸਥਾਨਕ ਸਿੱਖ ਤੇ ਹੋਰ ਸੰਸਥਾਵਾਂ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ. ਗੁਰਪ੍ਰਤਾਪ ਸਿੰਘ ਵਡਾਲਾ ਐਮ.ਐ.ਏ ਹਲਕਾ ਨਕੋਦਰ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਪਿਤਾ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਵੱਲੋਂ ਆਪਣੀ ਜ਼ਿੰਦਗੀ ਦੇ ਪਿਛਲੇ 18 ਵਰ੍ਹੇ ਜਿਵੇਂ ਹਰ ਮਹੀਨੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਸੰਗਤਾਂ ਸਮੇਤ ਪਹੁੰਚ ਕੇ ਜਿਸ ਸਿਦਕ ਤੇ ਸ਼ਿੱਦਤ ਨਾਲ ਇਸ ਲਾਂਘੇ ਦੇ ਖੁੱਲ੍ਹਣ ਲਈ 208 ਮਹੀਨੇ ਬਿਨ੍ਹਾ ਨਾਗਾ ਅਰਦਾਸਾਂ ਕੀਤੀਆਂ ਗਈਆਂ। ਉਸਦਾ ਸੰਗਤਾਂ ਨੇ ਜੈਕਾਰਿਆਂ ਨਾਲ ਧੰਨਵਾਦ ਕੀਤਾ। ਇਸ ਸਮਾਗਮ 'ਚ ਕਮਿਉਨਿਟੀ ਦੀਆਂ ਕਈ ਧਾਰਮਿਕ ਸਮਾਜ ਸੇਵੀ ਤੇ ਖੇਡ ਸੰਸਥਾਵਾਂ ਦੇ ਆਗੂ ਤੇ ਵਲੰਟੀਅਰ ਪਹੁੰਚੇ ਹੋਏ ਸਨ।
ਗੁਰੂ ਨਾਨਲ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਆਯੋਜਿਤ ਕੀਤੇ ਗਏ ਇਸ ਸਨਮਾਨ ਸਮਾਰੋਹ 'ਚ ਜਥੇਦਾਰ ਵਡਾਲਾ ਨੂੰ 'ਹੀਰੋ ਆਫ ਕਰਤਾਰਪੁਰ ਕਾਰੀਡੋਰ' ਦਾ ਸਨਮਾਨ ਦਿੱਤਾ ਗਿਆ। ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਅਟੁੱਟ ਵਿਸ਼ਵਾਸ਼ ਸ਼ਰਧਾ ਤੇ ਅਣਥੱਕ ਘਾਲਣਾਚਾਂ ਦਾ ਵਿਸਥਾਰ ਨਾਲ ਪ੍ਰਗਟਾਵਾ ਕਰਦੇ ਹੋਏ ਸ. ਹਰਪਾਲ ਸਿੰਘ ਨਾਗਰਾ ਨੇ ਸਮੂਹ ਗੁਰਦੁਆਰਾ ਸੁਸਾਇਟੀਆਂ ਨੂੰ ਸੰਬੋਧਿਤ ਹੁੰਦੀਆਂ ਕਿਹਾ ਕਿ ਇਹ ਕਾਰਜ ਤੇ ਨਿਰਮਾਨਤਾ ਨਾਲ ਜਿਵੇਂ ਇਹ ਸਫਲਤਾ ਹਾਸਲ ਕੀਤੀ ਗਈ ਇਸਦੀ ਮਿਸਾਲ ਨਵੀਆਂ ਪੀੜ੍ਹੀਆਂ ਨੂੰ ਦੇਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਵਡਾਲਾ ਦਾ ਨੇਕ-ਪਾਕ ਜੀਵਨ ਗੁਰੂ ਪ੍ਰਤੀ ਸ਼ਰਧਾ ਤੇ ਭਰੋਸਾ ਕਦੇ ਵੀ ਡਗਮਗਾਇਆ ਨਹੀਂ ਜਿਸਦਾ ਜਿੰਨਾ ਵੀ ਸਨਮਾਨ ਕੀਤਾ ਜਾਵੇ, ਉਨ੍ਹਾਂ ਹੀ ਥੋੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਥੇਦਾਰ ਵਡਾਲਾ ਵਰਗੇ ਸੱਚੇ-ਸੁੱਚੇ ਨਿਧੜਕ ਆਗੂ ਦੀ ਘਾਟ ਅਕਾਲੀਦਲ 'ਚ ਸਾਫ ਰੜਕ ਰਹੀ ਹੈ।
ਹਰਪਾਲ ਸਿੰਘ ਨਾਗਰਾ ਨੇਪੰਜਾਬ ਦੀ ਕਾਂਗਰਸ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਸਨੇ ਡੇਰਾ ਬਾਬਾ ਨਾਨਕ ਸੜਕ ਦਾ ਨਾਂਅ ਜਥੇਦਾਰ ਵਡਾਲਾ ਦੇ ਨਾਂਅ 'ਤੇ ਐਲਾਨ ਕਰਕੇ ਉੱਚੇ ਸਿਆਸੀ ਮਿਆਰ ਦੀ ਇੱਕ ਮਿਸਾਲ ਪੈਦਾ ਕੀਤੀ ਹੈ। ਸ. ਨਾਗਰਾ ਨੇ ਐਲਾਨ ਕੀਤਾ ਕਿ ਅਸੀਂ ਗੁਰੂ ਨਾਨਕ ਫਾਉਂਡੇਸ਼ਨ ਵੱਲੋਂ ਘੱਟੋ ਘੱਟ 25 ਲੱਖ ਰੁਪਏ ਦੀ ਰਾਸ਼ੀ ਦੀ ਲਾਗਤ ਨਾਲ ਇਸ ਮਾਰਗ 'ਤੇ ਸ. ਕੁਲਦੀਪ ਸਿੰਘ ਵਡਾਲਾ ਦਾ ਯਾਦਗਾਰੀ ਗੇਟ ਬਣਾ ਕੇ ਹਰੇਕ ਯਾਤਰੂ ਨੂੰ ਅਰਦਾਸ ਦੀ ਸ਼ਕਤੀ ਅਤੇ ਸਵਰਗੀ ਜਥੈਦਾਰ ਦੀ ਇਸ ਲਾਂਘੇ ਲਈ ਦੇਣ ਨੂੰ ਸਦੀਵੀ ਉਜਾਗਰ ਰੱਖਾਂਗੇ। ਗੁਸਰੂ ਨਾਨਕ ਫਾਊਂਡੇਸ਼ਨ ਦੇ ਆਗੂਆਂ ਵੱਲੋਂ ਸ. ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਨੇਕ-ਪਾਕ ਆਗੂ ਦਾ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦੀ ਵਚਨਬੱਧਤਾ ਕੀਤੀ ਗਈ ਅਤੇ ਵਾਅਦਾ ਕੀਤਾ ਗਿਆ ਕਿਪਾਕਿਸਤਾਨ 'ਚ ਵੀ ਸ. ਗੁਰਪ੍ਰਤਾਪ ਸਿੰਘ ਵਡਾਲਾ ਨੂੰ ਗੁਰਪੁਰਬ 'ਤੇ ਸਨਮਾਨਤ ਕੀਤਾ ਜਾਏਗਾ। ਉਨ੍ਹਾਂ ਨੇ ਪਾਕਿਸਤਾਨ 'ਚ ਉਨ੍ਹਾਂ ਦੀ ਸੰਸਥਾ ਵੱਲੋਂ ਕੀਤੇ ਜਾਣ ਵਾਲੇ ਸਮਾਜਿਕ ਕੰਮਾਂ ਦਾ ਵੇਰਵਾ ਦਿੱਤਾ ਤੇ ਪਾਕਿਸਤਾਨ ਸਰਕਾਰ ਵੱਲੋਂ ਸਿੱਖ ਗੁਰਦੁਆਰਿਆਂ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਦਾ ਵਿਸਥਾਰ ਨਾਲ ਚਾਨਣਾ ਪਾਇਆ।
ਸਮਾਗਮ ਦੀ ਸਹਿਯੋਗੀ ਸੰਸਥਾ ਫਰੈਂਡਜ਼ ਆਫ ਇੰਡੀਆ ਦੇ ਮੁਖੀ ਮਨਿੰਦਰ ਸਿੰਘ ਗਿੱਲ ਨੇ ਸਪਸ਼ਟ ਕੀਤਾ ਕਿ ਜਿਵੇਂ ਭਾਈਚਾਰੇ ਦੇ ਹਰੇਕ ਨਰਮ-ਗਰਮ ਖਿਆਲੀ ਧਿਰ ਦੀ ਲਿਡਰਸ਼ਿਪ ਵੱਲੋਂ ਵੱਧ-ਚੜ੍ਹ ਕੇ ਹਾਜ਼ਰੀ ਭਰੀ ਗਈ ਹੈ ਇਸ ਇੱਕ ਮਿਸਾਲ ਹੈ। ਇਹ ਜਥੇਦਾਰ ਕੁਲਦੀਪ ਸਿੰਘ ਵਡਾਲਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਥ ਤੇ ਪੰਜਾਬ ਪ੍ਰਤੀ ਪਾਏ ਗਏ ਯੋਗਦਾਨ 'ਤੇ ਮੋਹਰ ਲਾਈ ਗਈ ਹੈ। ਸ. ਗਿੱਲ ਨੇ ਅਕਾਲੀ ਲੀਡਰਸ਼ਿਪ ਨੂੰ ਤਾਕੀਦ ਕੀਤੀ ਕਿ ਉਹ ਪਾਰਟੀ ਨੂੰ ਮੁੜ ਮਜ਼ਬੂਤ ਲਿਹਾਂ 'ਤੇ ਖੜ੍ਹਾ ਕਰਨ ਲਈ ਨਵੀਂ ਰੂਪ ਰੇਖਾ ਤਿਆਰ ਕਰਨ। ਉਨ੍ਹਾਂ ਦੇ ਆਗੂ ਜੇਕਰ ਵਿਦੇਸ਼ੀ ਘਰਾਂ 'ਚ ਬੈਠ ਕੇ ਪਕੌੜੇ ਖਾ ਕੇ ਵਾਪਸ ਚਲੇ ਗਏ ਤਾਂ ਪ੍ਰਾਪਤੀਆਂ ਭੁੱਲ ਜਾਣ। ਸੰਗਤਾਂ ਚੰਗੇ ਕੰਮਾਂ ਤੇ ਆਗੂਆਂ ਨੂੰ ਹਮੇਸ਼ਾਂ ਪਲਕਾਂ ਤੇ ਬਿਠਾਉਂਦੀਆਂ ਹਨ। ਸ. ਗਿੱਲ ਨੇ ਸ. ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਨੇਕ-ਪਾਕ ਆਗੂਆਂ ਦੀ ਪੁਰਜ਼ੋਰ ਹਮਾਇਤ 'ਤੇ ਸਮੂਹ ਵਿਦੇਸ਼ੀ ਸਿੱਖਾਂ ਨੂੰ ਸੁਨੇਗਾ ਦਿੱਤਾ। ਉਨ੍ਹਾਂ ਦੀ ਸੰਸਥਾ ਨੇ ਵੀ ਸ. ਵਡਾਲਾ ਦੇ ਪਿਤਾ ਦੀ ਕੁਰਬਾਨੀ ਨੂੰ ਸਲਾਹੁੰਦਿਆਂ ਹੋਇਆਂ ਇੱਕ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ।
ਇਸ ਮੌਕੇ 'ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਿਥੇ ਸਮੂਹ ਪੰਜਾਬੀਆਂ ਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਸਪਸ਼ਟ ਕੀਤਾ ਕਿ ਸਾਡਾ ਪਰਿਵਾਰ ਜਾਂ ਪਿਤਾ ਜੀ ਨੇ ਕਦੇ ਵੀ ਇਹ ਕ੍ਰੈਡਿਟ ਲੈਣ ਦੀ ਖਵਾਇਸ਼ ਨਹੀਂ ਰੱਖੀ। ਕਰਤਾਰਪੁਰ ਲਾਂਘੇ ਪ੍ਰਤੀ ਉਨ੍ਹਾਂ ਦੇ ਪਿਤਾ ਵੱਲੋਂ ਬਣਾਈ ਕਰਤਾਰਪੁਰ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਇਤਿਹਾਸ ਤੇ ਪ੍ਰਾਪਤੀ ਦਾ ਵਿਸਥਾਰ ਨਾਲ ਵਰਨਣ ਕਰਦਿਆਂ ਉਨ੍ਹਾਂ ਨੇ ਇਸ ਲਾਂਘੇ ਦੇ ਖੁੱਲ੍ਹਣ ਦੀ ਪ੍ਰਾਪਤੀ ਲਈ ਹਰੇਕ ਧਿਰ ਤੇ ਸਰਕਾਰਾਂ ਤੇ ਪਾਰਟੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਦੀ ਅਰਦਾਸ ਕਰਨ ਲਈ ਸ਼ਰਧਾ ਸੋਚ ਤੇ ਗੁਰੂ ਪ੍ਰਤੀ ਵਿਸ਼ਵਾਸ ਅਟੱਲ ਹੋਵੇ ਤਾਂ ਜੰਗਾਂ-ਯੁਧਾਂ 'ਚ ਫਸੇ ਮੁਲਕ ਵੀ ਗੁਰੂ ਨਾਨਕ ਸਾਹਿਬ ਦੇ ਦਰ ਅੱਗੇ ਝੁਕ ਜਾਂਦੇ ਹਨ। ਸ. ਵਡਾਲਾ ਨੇ ਗੁਰੂ ਨਾਨਕ ਸਾਹਿਬ ਦਾ ਰੋਮ-ਰੋਮ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੇ ਪਿਤਾ ਜੀ ਤੇ ਸੰਗਤਾਂ ਦੀਆਂ ਅਰਦਾਸਾਂ ਨੂੰ ਇਹ ਸਫਲਤਾ ਤੇ ਮਾਣ ਦਿੱਤਾ ਹੈ।
ਸ. ਵਡਾਲਾ ਨੇ ਸਥਾਨਕ ਆਗੂਆਂ ਵੱਲੋਂ ਅਕਾਲੀ ਦਲ ਤਤੇ ਪੰਜਾਬ ਦੇ ਦਰਪੇਸ਼ ਮਸਲਿਆਂ ਪ੍ਰਤੀ ਦਿਖਾਈ ਗਈ ਚਿੰਤਾ ਨੂੰ ਸੰਜੀਦਗੀ ਨਾਲ ਲਿਆ ਤੇ ਭਰੋਸਾ ਦਿੱਤਾ ਕਿ ਅਸੀਂ ਵਿਦੇਸ਼ੀ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਹਰੇਕ ਸੁਧਾਰ ਕਰਨ ਲਈ ਤਤਪਰ ਹੋਵਾਂਗੇ। ਪ੍ਰੰਤੂ ਸਾਨੂੰ ਢੁਕਵਾਂ ਮੌਕਾ ਜਰੂਰ ਦਿੱਤਾ ਜਾਵੇ। ਉਨ੍ਹਾਂ ਨੇ ਗੁਰੂ ਨਾਨਕ ਫਾਉਂਡੇਸ਼ਨ ਦਾ ਧੰਨਵਾਦ ਕੀਤਾ ਅਤੇ ਸਮੂਹ ਲੀਡਰਾਂ ਦੇ ਸਵਾਲਾਂ ਦਾ ਸੁਲਝੇ ਤਰੀਕੇ ਨਾਲ ਜਵਾਬ ਦਿੱਤੇ।
ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਆਗੂ ਸ. ਕਮਲਜੀਤ ਕੰਗ ਤੇ ਖਿਡਾਰੀ ਸੰਸਥਾਵਾਂ ਵੱਲੋਂ ਵੀ ਗੁਰਪ੍ਰਤਾਪ ਸਿੰਘ ਵਡਾਲਾ ਦਾ ਸਨਮਾਨ ਕੀਤਾ ਗਿਆ। ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋਗਾ ਸਿੰਘ,ਐਮ.ਐਲ.ਏ ਜਗਰੂਪ ਬਰਾੜ, ਡਾਕਟਰ ਗੁਲਜ਼ਾਰ ਸਿੰਘ ਚੀਮਾ ਸਾਬਕਾ ਮੰਤਰੀ ਅਤੇ ਸਥਾਨਕ ਸਿੱਖ ਵਿਦਵਾਨ ਸ, ਮੋਤਾ ਸਿੰਘ ਝੀਤਾ ਨੇ ਵੀ ਸੰਬੋਧਨ ਕਰਕੇ ਸ. ਕੁਲਦੀਪ ਸਿੰਘ ਵਡਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਸ. ਗੁਰਪ੍ਰਤਾਪ ਸਿੰਘ ਦਾ ਨਿੱਘਾ ਸਨਮਾਨ ਕੀਤਾ।