ਹਰਦਮ ਮਾਨ
ਸਰੀ, ਕੈਨੇਡਾ, ਅਕਤੂਬਰ - ਇੰਡੋ-ਕਨੇਡੀਅਨ ਸੀਨੀਅਰ ਸੋਸਾਇਟੀ ਸਰੀ-ਡੈਲਟਾ ਦੀ ਸਾਲਾਨਾ ਮੀਟਿੰਗ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਸਾਲ ਦੌਰਾਨ ਸਭਾ ਦੇ ਵਿੱਛੜ ਚੁੱਕੇ ਮੈਂਬਰਾਂ ਨੂੰ 2 ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦੇਣ ਉਪਰੰਤ ਸੋਸਾਇਟੀ ਦੇ ਖਜ਼ਾਨਚੀ ਹਰੀ ਸਿੰਘ ਸ਼ੋਕਰ ਨੇ ਪਿਛਲੇ ਸਾਲ ਦੀ ਆਮਦਨ ਅਤੇ ਖਰਚ ਦਾ ਲੇਖਾ ਜੋਖਾ ਪੇਸ਼ ਕੀਤਾ ਜਿਸ ਦੀ ਤਾਈਦ ਕੁਲਵੰਤ ਸਿੰਘ ਕੁਲਾਰ ਅਤੇ ਗੁਰਨਾਮ ਸਿੰਘ ਪੁਆਰ ਨੇ ਕੀਤੀ ਅਤੇ ਉਪਰੰਤ ਸਰਬਸੰਮਤੀ ਨਾਲ ਸਾਰੇ ਹਾਜ਼ਰ ਮੈਬਰਾਂ ਨੇ ਪ੍ਰਵਾਨਗੀ ਦਿੱਤੀ।
ਪ੍ਰਧਾਨ ਹਰਪਾਲ ਸਿੰਘ ਬਰਾੜ ਅਤੇ ਵਾਈਸ ਪ੍ਰਧਾਨ ਬੀਬੀ ਰਵਿੰਦਰ ਕੌਰ ਬੈਂਸ ਨੇ ਸਾਲ ਭਰ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਪਿਛਲੀਆਂ ਕਮੀਆਂ ਦੂਰ ਕਰਨ ਅਤੇ ਆਉਣ ਵਾਲੇ ਸਾਲ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਮੈਂਬਰਾਂ ਤੋਂ ਸੁਝਾਅ ਮੰਗੇ। ਸਮਾਗਮ ਦੌਰਾਨ ਸੀਨੀਅਰ ਸੈਂਟਰ ਪ੍ਰਤੀ ਵਿਸ਼ੇਸ਼ ਸੇਵਾਵਾਂ ਨਿਭਾਉਣ ਲਈ ਪ੍ਰੀਤਮ ਸਿੰਘ ਸਿੱਧੂ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਅੱਚਰਵਾਲ ਨੇ ਨਿਭਾਈ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਸੋਸਾਇਟੀ ਦੇ ਡਾਇਰੈਕਟਰ ਹਰਨੇਕ ਸਿੰਘ ਰੰਗੀ ਵੱਲੋਂ ਆਪਣੇ 75ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਚਾਹ ਪਾਣੀ ਦੀ ਸੇਵਾ ਨਿਭਾਈ।