ਗੁਰਦੀਪ ਸਿੰਘ ਗਿੱਲ ਦੇ ਘਰ ਆਪਣੇ ਸਮੱਰਥਕਾਂ ਨਾਲ ਭਰਵੀਂ ਮੀਟਿੰਗ
ਹਰਦਮ ਮਾਨ
ਸਰੀ, ਕੈਨੇਡਾ, 8 ਅਕਤੂਬਰ 2019 - “ਕੁਝ ਲੋਕ ਕੈਨੇਡਾ ਦੀ ਰਾਜਨੀਤੀ ਨੂੰ ਗੰਧਲਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਅਸੀਂ ਅਜਿਹੀਆਂ ਕੋਸ਼ਿਸ਼ਾਂ ਨੂੰ ਮਾਤ ਦੇਣੀ ਹੈ ਅਤੇ ਇਕ ਅਜਿਹਾ ਮਾਹੌਲ ਤਿਆਰ ਕਰਨਾ ਹੈ ਕਿ ਜਿਸ ਵਿਚ ਉਸਾਰੂ, ਸਵੱਛ ਅਤੇ ਜਵਾਬ-ਦੇਹ ਕਦਰਾਂ ਕੀਮਤਾਂ ਰਾਜਨੀਤੀ ਦਾ ਮੁੱਖ ਉਦੇਸ਼ ਹੋਣ।“ ਇਹ ਸ਼ਬਦ ਸਰੀ ਨਿਊਟਨ ਤੋਂ ਚੋਣ ਲੜ ਰਹੇ ਐਨ.ਡੀ.ਪੀ. ਉਮੀਦਵਾਰ ਹਰਜੀਤ ਸਿੰਘ ਗਿੱਲ ਨੇ ਕੱਲ੍ਹ ਸ਼ਾਮ ਆਪਣੇ ਸਮੱਰਥਕ ਗੁਰਦੀਪ ਸਿੰਘ ਗਿੱਲ ਦੇ ਨਿਵਾਸ ਸਥਾਨ ਤੇ ਇਕੱਤਰ ਹੋਏ ਵੱਡੀ ਗਿਣਤੀ ਵਿਚ ਆਪਣੇ ਪ੍ਰਸੰਸਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਵੱਡ-ਵੱਡੇਰੇ ਸਾਡੇ ਲਈ ਮਾਣਮੱਤਾ ਤਿਆਰ ਸਿਰਜ ਕੇ ਗਏ ਹਨ, ਉਸੇ ਤਰ੍ਹਾਂ ਹੀ ਅਸੀਂ ਵੀ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਵਧੀਆ ਰਾਜਨੀਤਕ ਪਲੇਟਫਾਰਮ ਦੀ ਸਿਰਜਣਾ ਕਰਨੀ ਹੈ ਤਾਂ ਜੋ ਬਹੁਕੌਮੀ ਅਤੇ ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ਦਾ ਗੌਰਵ ਦੁਨੀਆਂ ਭਰ ਵਿਚ ਵਿਲੱਖਣ ਮਿਸਾਲ ਬਣਿਆਂ ਰਹੇ। ਉਨ੍ਹਾਂ ਇਹ ਵੀ ਐਮ.ਪੀ. ਬਣ ਜਾਣ ਤੇ ਸਰੀ ਵਿਚ ਜੋ ਦਫਤਰ ਸਥਾਪਿਤ ਕਰਾਂਗੇ ਉਸ ਦੀ ਸਾਰੀ ਵਾਗਡੋਰ ਨੌਜਵਾਨਾਂ ਦੇ ਹੱਥ ਵਿਚ ਹੋਵੇਗੀ ਅਤੇ ਵੱਖ ਵੱਖ ਕਾਰਜਾਂ ਲਈ ਨੌਜਵਾਨਾਂ ਦੀਆਂ ਕਮੇਟੀਆਂ ਤਿਆਰ ਕੀਤੀਆਂ ਜਾਣਗੀਆਂ ਜੋ ਐਮ. ਪੀ. ਦਫਤਰ ਦਾ ਸਮੁੱਚਾ ਸੰਚਾਲਨ ਕਰਨਗੀਆਂ।
ਸ੍ਰੀ ਗਿੱਲ ਨੇ ਫਿਰ ਦੁਹਰਾਇਆ ਕਿ ਇਹ ਚੋਣ ਲੜਨ ਦਾ ਮਕਸਦ ਕੋਈ ਚੌਧਰ ਜਾਂ ਲਾਲਚ ਨਹੀਂ ਸਗੋਂ ਨੌਜਵਾਨਾਂ ਲਈ ਸੁਚੱਜੀ ਰਾਜਨੀਤੀ ਦਾ ਰਾਹ ਤਿਆਰ ਕਰਨਾ ਹੈ। ਉਨ੍ਹਾਂ ਐਲਾਨ ਕੀਤਾ ਕਿ ਲੋਕ ਮਸਲਿਆਂ ਦੇ ਹੱਲ ਕਰਵਾਉਣਾ ਉਨ੍ਹਾਂ ਦੀ ਤਰਜੀਹ ਰਹੇਗੀ ਅਤੇ ਹਮੇਸ਼ਾ ਆਪਣੇ ਲੋਕਾਂ ਦੇ ਹਿਤਾਂ ਉਪਰ ਉਹ ਪਹਿਰਾ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਭ੍ਰਿਸ਼ਟਾਚਾਰ ਫੈਲ ਰਿਹਾ ਹੈ ਅਤੇ ਐਲ.ਐਮ.ਆਈ.ਏ. ਦਾ 50-60 ਹਜਾਰ ਵਿਚ ਵਿਕਣਾ ਇਸ ਦੀ ਸਪੱਸ਼ਟ ਮਿਸਾਲ ਹੈ। ਅਜਿਹੀਆਂ ਖਬਰਾਂ ਪ੍ਰਮੁੱਖ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣ ਜਾਣ ਕਾਰਨ ਸਮੁੱਚੀ ਕਮਿਊਨਿਟੀ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਆਪਣੇ ਹਮਾਇਤੀਆਂ ਨੂੰ ਇਨ੍ਹਾਂ ਦਿਨਾਂ ਵਿਚ ਸੁਚੇਤ ਰਹਿਣ ਅਤੇ ਵਿਰੋਧੀਆਂ ਦੇ ਕਿਸੇ ਭੰਬਲਭੂਸੇ ਵਿਚ ਆਉਣ ਤੋਂ ਬਚਣ ਦੀ ਅਪੀਲ ਕੀਤੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅਡਵਾਂਸ ਪੋਲਿੰਗ ਦੌਰਾਨ ਆਪਣੀ ਵੋਟ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਕਿਹਾ।
ਲੋਕ ਇਕੱਠ ਵਿਚ ਬੋਲਦਿਆਂ ਨੌਜਵਾਨ ਆਗੂ ਗਗਨ ਸਿੰਘ ਨੇ ਆਪਣੇ ਆਪ ਨੂੰ ਪੰਜਾਬੀਆਂ ਦਾ ਅਲੰਬਰਦਾਰ ਕਹਾਉਣ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਿੱਖੀ ਆਲੋਚਨਾ ਕੀਤੀ ਕਿ ਉਸ ਦੀ ਸਰਕਾਰ ਦੌਰਾਨ ਸਿੱਖ ਵਿਰੋਧੀ ਮੱਦ ਇਕ ਦਸਤਾਵੇਜ਼ ਵਿਚ ਦਰਜ ਕੀਤੀ ਗਈ। ਉਸ ਨੇ ਅਫਸੋਸ ਪ੍ਰਗਟ ਕੀਤਾ ਕਿ ਕਿਸੇ ਵੀ ਪੰਜਾਬੀ ਐਮ.ਪੀ. ਜਾਂ ਮੰਤਰੀ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਕਿਊਬਕ ਵਿਚ ਧਾਰਮਿਕ ਚਿੰਨ੍ਹ ਪਹਿਨ ਵਾਲਿਆਂ ਲਈ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਫਿਰ ਵੀ ਜਗਮੀਤ ਸਿੰਘ ਤੋਂ ਸਿਵਾਏ ਕਿਸੇ ਵੀ ਹੋਰ ਪਾਰਟੀ ਦੇ ਲੀਡਰ ਨੇ ਇਸ ਵਿਰੁੱਧ ਆਵਾਜ਼ ਨਹੀਂ ਉਠਾਈ।