ਕੈਨੇਡਾ ਓਪਨ ਖੇਡਾਂ ਚ ਵੀਨਾ ਅਰੋੜਾ ਨੇ ਜਿੱਤਿਆ ਗੋਲਡ ਮੈਡਲ
ਕੰਵਲਜੀਤ ਸਿੰਘ ਕੰਵਲ
ਟਰਾਂਟੋ, ਕੈਨੇਡਾ, 8 ਅਕਤੂਬਰ ,2019 : ਵਿਚਲੇ ਕਿਊਬਿਕ ਸੂਬੇ ਦੇ ਸ਼ਹਿਰ ਮਾਂਟਰੀਅਲ ਚ ਹੋਈਆਂ ਕੈਨੇਡਾ ਓਪਨ 2019 ਖੇਡਾਂ ਵਿੱਚ ਅੰਮ੍ਰਿਤਸਰ ਦੀ ਵਸਨੀਕ ਵੀਨਾ ਅਰੋੜਾ ਨੇ ਪੈਰਾ ਤਾਈਕਵਾਂਡੋ ਖੇਡ ਵਿੱਚ ਮਾਅਰਕਾਮਾਰਦਿਆਂ ਭਾਰਤ ਲਈ ਸੋਨੇ ਦਾ ਮੈਡਲ ਜਿੱਤਿਆ। ਚੇਤੇ ਰਹੇ ਵੀਨਾ ਅਰੋੜਾ ਨੇ ਇਸ ਤੋਂ ਪਹਿਲਾਂ ਵੀ ਦੇਸ਼ ਵਿਦੇਸ਼ ਚ ਭਾਰਤ ਦੀ ਰਹਿਨੁਮਾਈ ਕਰਦਿਆਂ ਕਈ ਮੈਡਲ ਭਾਰਤ ਦੀ ਝੋਲੀ ਪਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਕਿਸੇ ਡਾ: ਦੇ ਗ਼ਲਤ ਟੀਕਾ ਲਾਉਣ ਕਰਕੇ ਉਸ ਦਾ ਸੱਜਾ ਹੱਥ ਕੱਟਿਆ ਗਿਆ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਮੰਜ਼ਿਲ ਵੱਲ ਅਗੇਰੇ ਅਤੇ ਹੋਰ ਅਗੇਰੇ ਵਧਦੀ ਗਈ ਅਤੇ ਉਸ ਨੇ ਇਕ ਹੱਥ ਨਾਲ ਦੁਨੀਆਂ ਫ਼ਤਿਹ ਕਰਨ ਦੀ ਠਾਣ ਲਈ ਤੇ ਭਾਰਤ ਦੀ ਝੋਲੀ ਪਿਆ ਇਹ ਗੋਲਡ ਮੈਡਲ ਇਸ ਗੱਲ ਦੀ ਗਵਾਹੀ ਹੈ। ਵੀਨਾ ਅਰੋੜਾ ਇਹਨੀਂ ਦਿਨੀਂ ਟੋਕੀਓ ਜਪਾਨ ਚ ਹੋ ਰਹੀਆਂ ਪੈਰਾਲਿੰਪਕ 2020 ਖੇਡਾਂ ਚ ਭਾਰਤ ਵੱਲੋਂ ਭਾਗ ਲੈਣ ਦੀ ਤਿਆਰੀ ਕਰ ਰਹੀ ਹੈ। ਭਾਵੇਂ ਕਿ ਬੀਤੇ ਦਿਨੀਂ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਹੋਰ ਖਿਡਾਰੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਕੋਈ ਮਾਇਕ ਸਹਾਇਤਾ ਜਾਂ ਨੌਕਰੀ ਨਾਂ ਦਿੱਤੇ ਜਾਣ ਦਾ ਉਸ ਨੂੰ ਗਿਲਾ ਹੈ, ਉਹ ਆਖਦੀ ਹੈ ਕਿ ਹਰਿਆਣਾ ਸਰਕਾਰ ਵਾਂਗੂ ਪੰਜਾਬ ਦੇ ਵੱਖ ਵੱਖ ਖੇਡਾਂ ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਵੱਲ ਪੰਜਾਬ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਵੀਨਾ ਅਰੋੜਾ ਨੇ ਦੱਸਿਆ ਕਿ ਉਹ ਆਪਣੇ ਵਸੀਲਿਆਂ ਰਾਹੀਂ ਅੰਮ੍ਰਿਤਸਰ ਵਿੱਚ ਬੱਚਿਆਂ ਨੂੰ ਤਾਈ ਕਵਾਂਡੋ ਦੀ ਸਿਖਲਾਈ ਦੇਣ ਲਈ ਇਕ ਐਨ ਜੀ ਓ ਵੀ ਚਲਾ ਰਹੀ ਹੈ ਜਿਸ ਨੂੰ ਮਾਇਕ ਸਹਾਇਤਾ ਦੀ ਵੱਡੀ ਲੋੜ ਹੈ ਅਤੇ ਸਰਕਾਰਾਂ ਨੂੰ ਅਜਿਹੇ ਅਦਾਰਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਰਤ ਦੀ ਝੋਲੀ ਪਏ ਇਸ ਸੋਨੇ ਦੇ ਇਸ ਮੈਡਲ ਨੂੰ ਲੈ ਕੇ ਵੀਨਾ ਅਰੋੜਾ 10 ਅਕਤੂਬਰ ਨੂੰ ਭਾਰਤ ਪੁੱਜੇਗੀ।